ਫ਼ਤਹਿਗੜ੍ਹ ਸਾਹਿਬ, 19 ਦਸੰਬਰ (ਬਲਜਿੰਦਰ ਸਿੰਘ)-ਹਲਕਾ ਬਸੀ ਪਠਾਣਾਂ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੁੰਨ੍ਹੀ ਕਲ੍ਹਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਿਹਾਰ ਸਿੰਘ ਚੁੰਨ੍ਹੀ ਨੇ ਚੋਣਾਂ ਦੌਰਾਨ ਵੋਟਰਾਂ ਪਾਸੋਂ ਮਿਲੇ ਭਰਪੂਰ ਸਹਿਯੋਗ ਅਤੇ ਅਥਾਹ ਪਿਆਰ ਬਦਲੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਹਮੇਸ਼ਾ ਡੱਟ ਕੇ ਖੜ੍ਹੇ ਰਹਿਣਗੇ | ਚੁੰਨ੍ਹੀ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਨੇ ਉਨ੍ਹਾਂ ਪ੍ਰਤੀ ਜੋ ਭਰੋਸਾ ਜਿਤਾਇਆ ਹੈ, ਉਹ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ ਅਤੇ ਉਹ ਸਦਾ ਆਪਣੇ ਵੋਟਰਾਂ ਤੇ ਸਮਰਥਕਾਂ ਦੇ ਰਿਣੀ ਰਹਿਣਗੇ | ਚੁੰਨ੍ਹੀ ਨੇ ਕਿਹਾ ਕਿ ਉਹ ਵੋਟਰਾਂ ਦੇ ਫ਼ੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰ ਰਹੇ ਹਨ ਤੇ ਇਹ ਫ਼ੈਸਲਾ ਉਨ੍ਹਾਂ ਲਈ ਭਵਿੱਖ ਵਿਚ ਲੋਕ-ਹਿਤ ਵਿਚ ਕੰਮ ਕਰਨ ਲਈ ਹੋਰ ਪ੍ਰੇਰਨਾ ਦੇਣ ਵਾਲਾ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਹਲਕਾ ਬਸੀ ਪਠਾਣਾਂ, ਖ਼ਾਸ ਕਰਕੇ ਜੋਨ ਚੁੰਨ੍ਹੀ ਕਲ੍ਹਾਂ ਦੇ ਲੋਕਾਂ ਦੀ ਨਿਸ਼ਕਾਮ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ | ਉਨ੍ਹਾਂ ਚੁੰਨ੍ਹੀ ਹਲਕੇ ਦੇ ਸਮੂਹ ਵੋਟਰਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਪਿਆਰ, ਸਹਿਯੋਗ ਅਤੇ ਮਾਰਗਦਰਸ਼ਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੇ ਸਾਥ ਨਾਲ ਹੀ ਹਲਕੇ ਦੀ ਤਰੱਕੀ ਤੇ ਵਿਕਾਸ ਸੰਭਵ ਹੈ |