ਫ਼ਤਹਿਗੜ੍ਹ ਸਾਹਿਬ, 21 ਦਸੰਬਰ (ਬਲਜਿੰਦਰ ਸਿੰਘ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਅਦੱੁਤੀ ਸ਼ਹਾਦਤ ਦੀ ਯਾਦ ਵਿਚ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਲੱਗਣ ਵਾਲੀ ਸਾਲਾਨਾ ਸ਼ਹੀਦੀ ਸਭਾ ਮੌਕੇ ਡੇਰਾ ਬਾਬਾ ਸ੍ਰੀ ਚੰਦ ਦੇ ਅਸਥਾਨ 'ਤੇ ਬਾਬਾ ਸ੍ਰੀ ਚੰਦ ਜੀ ਸੇਵਾ ਸੁਸਾਇਟੀ ਤੇ ਬਾਬਾ ਗ਼ਾਜ਼ੀ ਦਾਸ ਜੀ ਕਲੱਬ ਰੋਪੜ ਵਲੋਂ ਕਰਵਾਏ ਜਾ ਰਹੇ 9 ਰੋਜ਼ਾ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ ਅੱਜ 13 ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਨਾਲ ਹੋ ਗਈ ਹੈ | ਇਸ ਮੌਕੇ ਡੇਰੇ ਦੇ ਮੁੱਖ ਪ੍ਰਬੰਧਕ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਹੀਦੀ ਸਭਾ ਨੂੰ ਸਮਰਪਿਤ 21 ਤੋਂ 29 ਦਸੰਬਰ ਤੱਕ 52 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ ਅਤੇ ਭੰਡਾਰੇ ਉਪਰੰਤ ਸ਼ਹੀਦੀ ਸਮਾਗਮਾਂ ਦੀ ਸਮਾਪਤੀ ਹੋਵੇਗੀ | ਉਨ੍ਹਾਂ ਅੱਗੇ ਦੱਸਿਆ ਕਿ 24 ਤੋਂ 29 ਦਸੰਬਰ ਤੱਕ ਨਿਰੰਤਰ ਮੈਡੀਕਲ ਚੈੱਕਅਪ ਕੈਂਪ ਚੱਲੇਗਾ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ, ਜਿਸ ਦੌਰਾਨ ਪ੍ਰਭ ਆਸਰਾ ਕੁਰਾਲੀ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪਟਿਆਲਾ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ | ਇਸ ਤੋਂ ਇਲਾਵਾ ਸੰਗਤਾਂ ਦੀ ਸਹੂਲਤ ਲਈ 24 ਘੰਟੇ ਐਂਬੂਲੈਂਸ ਦਾ ਵੀ ਪ੍ਰਬੰਧ ਹੋਵੇਗਾ | ਸ. ਬਾਜਵਾ ਨੇ ਇਹ ਵੀ ਦੱਸਿਆ ਕਿ ਸ਼ਹੀਦੀ ਸਭਾ ਦੇ ਪਹਿਲੇ ਦਿਨ 25 ਦਸੰਬਰ ਨੂੰ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਦੇ ਨਾਲ ਹੀ 9 ਦਿਨ ਹੀ 24 ਘੰਟੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਜਾਰੀ ਰਹਿਣਗੇ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੜਕਾਂ 'ਤੇ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਲੰਗਰ ਛਕਾਉਣ ਲਈ ਵਾਹਨਾਂ ਨੂੰ ਜਬਰੀ ਨਾ ਰੋਕਿਆ ਜਾਵੇ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਸ਼ਹੀਦੀ ਜੋੜ ਮੇਲ ਮੌਕੇ ਸੰਸਥਾ ਵਲੋਂ 1956 ਤੋਂ ਨਿਰੰਤਰ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ | ਇਸ ਮੌਕੇ 'ਤੇ ਮੁੱਖ ਪ੍ਰਬੰਧੰਕ ਦਵਿੰਦਰ ਸਿੰਘ ਬਾਜਵਾ, ਭੁਪਿੰਦਰ ਸਿੰਘ, ਨੰਬਰਦਾਰ ਅਮਰਾਓ ਸਿੰਘ, ਬਾਬਾ ਸੁੱਖਾ ਸਿੰਘ, ਗੁਰਨਾਮ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਨਿਹੰਗ ਸੁਖਪਾਲ ਸਿੰਘ, ਕੁਲਦੀਪ ਸਿੰਘ, ਕਰਮ ਸਿੰਘ, ਬਹਾਦਰ ਸਿੰਘ ਹਿਰਦਾਪੁਰ, ਜਸਵੀਰ ਸਿੰਘ ਲਖਮੀਪੁਰ, ਜਗਰੂਪ ਸਿੰਘ, ਜੰਗਵੀਰ ਸਿੰਘ ਚੋਲਟਾ ਖ਼ੁਰਦ, ਜਗਤਾਰ ਸਿੰਘ, ਬਲਜੀਤ ਸਿੰਘ ਧੌਲ਼ਾ, ਭਾਗ ਸਿੰਘ, ਸੁੱਚਾ ਸਿੰਘ ਅਲਵਰ (ਰਾਜਸਥਾਨ), ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਵੀ ਹਾਜ਼ਰ ਸਨ |