ਖਮਾਣੋਂ, 21 ਦਸੰਬਰ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪੈੱ੍ਰਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ਮੈਂਬਰਾਂ ਵਲੋਂ ਦਸੰਬਰ ਦੇ ਸ਼ਹੀਦੀ ਪੰਦਰ੍ਹਵਾੜੇ ਦੌਰਾਨ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਸਮੇਤ ਅਨੇਕਾਂ ਸਿੱਖਾਂ ਦੀਆਂ ਚਮਕੌਰ ਸਾਹਿਬ ਅਤੇ ਸਰਹਿੰਦ ਵਿਖੇ ਹੋਈਆਂ ਲਾਸਾਨੀ ਸ਼ਹਾਦਤਾਂ ਨੂੰ ਯਾਦ ਕੀਤਾ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਮੀਟਿੰਗ ਵਿਚ ਜ਼ਿਲ੍ਹਾ ਪੱਧਰ ਤੇ ਪੈਨਸ਼ਨਰ ਦਿਵਸ ਮਨਾਉਣ ਦੇ ਸਮਾਗਮ ਵਿਚ 76 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਕਰਨ ਦੀ ਸ਼ਲਾਘਾ ਵੀ ਕੀਤੀ ਗਈ | ਉਨ੍ਹਾਂ ਦੱਸਿਆ ਇਸ ਤੋਂ ਇਲਾਵਾ ਮੀਟਿੰਗ ਵਿਚ ਰਾਜ ਅਤੇ ਜ਼ਿਲ੍ਹਾ ਪੱਧਰ ਤੇ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੀ ਚਰਚਾ ਹੋਈ ਅਤੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ | ਕਈ ਬੁਲਾਰਿਆਂ ਨੇ ਪੈਂਡਿੰਗ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰਨ ਦੀ ਮੰਗ ਕੀਤੀ ਕਿਉਂਕਿ ਸਰਕਾਰ ਵਲੋਂ ਪੈਨਸ਼ਨਰਾਂ ਦਾ 16 ਫ਼ੀਸਦੀ ਮਹਿੰਗਾਈ ਭੱਤਾ (ਪੰਜ ਕਿਸ਼ਤਾਂ) ਲੰਬੇ ਸਮੇਂ ਤੋਂ ਨਹੀਂ ਦਿੱਤਾ ਜਾ ਰਿਹਾ ਅਤੇ ਇਸ ਤੋਂ ਇਲਾਵਾ ਪੈਨਸ਼ਨਾਂ ਸੋਧਣ ਸਮੇਂ ਰਹਿ ਗਈਆਂ ਤਰੁੱਟੀਆਂ ਨੂੰ ਨਹੀਂ ਵਿਚਾਰਿਆ ਜਾ ਰਿਹਾ ਅਤੇ ਮੈਡੀਕਲ ਸਹੂਲਤ ਲਈ ਕੈਸ਼ ਲੈਸ ਸਕੀਮ ਲਾਗੂ ਕਰਨ ਅਤੇ ਫਿਕਸ ਮੈਡੀਕਲ ਭੱਤੇ ਵਿਚ ਵੀ ਵਾਧਾ ਨਹੀਂ ਕੀਤਾ ਜਾ ਰਿਹਾ | ਅੰਤ ਵਿਚ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਸਵਰਗੀ ਗੁਰਦੇਵ ਸਿੰਘ ਸੰਘੋਲ ਦੀ ਧਰਮ ਪਤਨੀ ਸੁਰਜੀਤ ਕੌਰ ਦੇ ਅਕਾਲ ਚਲਾਣੇ ਉੱਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੀਟਿੰਗ ਵਿਚ ਰਾਮ ਮੂਰਤੀ ਸ਼ਰਮਾ ਅਜੈਬ ਸਿੰਘ ਖਮਾਣੋਂ, ਚਰਨ ਸਿੰਘ ਰਾਏ, ਸ਼ਰਨਜੀਤ ਸਿੰਘ, ਪ੍ਰੀਤਮ ਸਿੰਘ ਬਾਜਵਾ, ਰਮੇਸ਼ ਕੁਮਾਰ , ਕਰਤਾਰ ਸਿੰਘ ਜਟਾਣਾ ਉੱਚਾ, ਸੁਰਿੰਦਰਪਾਲ ਸਿੰਘ, ਨਛੱਤਰ ਸਿੰਘ, ਤਾਰਾ ਸਿੰਘ ਅਤੇ ਬਹਾਦਰ ਸਿੰਘ ਖਮਾਣੋਂ ਹਾਜ਼ਰ |