ਫ਼ਤਹਿਗੜ੍ਹ ਸਾਹਿਬ, 22 ਦਸੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼ਹੀਦੀ ਜੋੜ ਮੇਲ-2025 ਦੌਰਾਨ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਹੋਮ ਸਟੇਅ, ਗੈੱਸਟ ਹਾਊਸ, ਰੈਸਟੋਰੈਂਟ, ਹੋਟਲ, ਸਰਾਂ ਆਦਿ ਵਿਚ ਠਹਿਰਨ ਲਈ ਕਿਰਾਏ 'ਤੇ ਦੇਣ ਤੋਂ ਪਹਿਲਾਂ ਉਸ ਦੀ ਸੂਚਨਾ ਸਬੰਧਿਤ ਥਾਣੇ ਵਿਚ ਦਰਜ ਕਰਵਾਉਣ ਅਤੇ ਠਹਿਰਨ ਵਾਲੇ ਹਰ ਵਿਅਕਤੀ ਦਾ ਰਿਕਾਰਡ ਹਰ ਸਥਿਤੀ ਵਿਚ ਹਰ ਸਮੇਂ ਮੁਕੰਮਲ ਰੱਖਿਆ ਜਾਵੇ | ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਜੋ ਸ਼ਰਧਾਲੂ ਸ਼ਹੀਦੀ ਜੋੜ ਮੇਲ-2025 ਦੌਰਾਨ ਬਾਹਰੋਂ ਆ ਕੇ ਹੋਮ ਸਟੇਅ, ਗੈੱਸਟ ਹਾਊਸ, ਰੈਸਟੋਰੈਂਟ, ਹੋਟਲ, ਸਰਾਂ ਆਦਿ ਵਿਚ ਠਹਿਰਦੇ ਹਨ | ਇਹ ਆਮ ਵੇਖਣ ਵਿਚ ਆਇਆ ਹੈ ਕਿ ਹੋਮ ਸਟੇਅ, ਗੈੱਸਟ ਹਾਊਸ, ਰੈਸਟੋਰੈਂਟ, ਹੋਟਲ, ਸਰਾਂ ਆਦਿ ਵਿਚ ਠਹਿਰਨ ਵਾਲੇ ਵਿਅਕਤੀ ਦਾ ਰਿਕਾਰਡ ਮਾਲਕਾਂ ਵਲੋਂ ਨਹੀਂ ਰੱਖਿਆ ਜਾਂਦਾ | ਇਸ ਨਾਲ ਸ਼ਰਾਰਤੀ ਅਨਸਰਾਂ ਵਲੋਂ ਸ਼ੱਕੀ ਜਾਂ ਮਾੜੀ ਕਾਰਵਾਈ ਕਰਨ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ, ਜਿਸ ਨਾਲ ਲੋਕਾਂ ਦੀ ਜਾਨ ਮਾਲ ਨੂੰ ਖ਼ਤਰਾ ਹੋ ਸਕਦਾ ਹੈ, ਸਰਕਾਰੀ ਅਤੇ ਪ੍ਰਾਈਵੇਟ ਸੰਪਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ | ਪ੍ਰਸ਼ਾਸ਼ਨਿਕ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਅਜਿਹੀਆਂ ਕਿਸੇ ਵੀ ਸਥਿਤੀ ਨੂੰ ਰੋਕਣ ਲਈ ਫ਼ੌਰੀ ਕਦਮ ਚੁੱਕਣ ਦੀ ਲੋੜ ਹੈ | ਇਹ ਹੁਕਮ 23 ਦਸੰਬਰ ਤੋਂ 31 ਦਸੰਬਰ ਤੱਕ ਲਾਗੂ ਰਹੇਗਾ |