ਫ਼ਤਹਿਗੜ੍ਹ ਸਾਹਿਬ, 24 ਦਸੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਐੱਨ. ਐੱਸ. ਐੱਸ. ਇਕਾਈ ਵਲੋਂ ਪਿੰਡ ਧੀਰਪੁਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸਿੱਖਣਯੋਗ ਅਗਵਾਈ, ਗੁਣ ਅਤੇ ਨਿਰਭਉ, ਨਿਰਵੈਰ ਤੇ ਸਿੱਖ ਚਰਿੱਤਰ' ਵਿਸ਼ੇ 'ਤੇ ਪ੍ਰੋਗ੍ਰਾਮ ਕਰਵਾਇਆ ਗਿਆ | ਇਹ ਉਪਰਾਲਾ ਯੂਨੀਵਰਸਿਟੀ ਦੀ ਨੌਜਵਾਨਾਂ ਵਿਚ ਮੁੱਲ-ਆਧਾਰਿਤ ਅਗਵਾਈ ਵਿਕਸਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਪ੍ਰੋਗ੍ਰਾਮ ਦੌਰਾਨ ਮੁੱਖ ਵਕਤਾ ਸਿੱਖ ਵਿਦਵਾਨ ਸੇਵਕ ਸਿੰਘ ਸ਼ਾਮਿਲ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਿਤ ਅਟੱਲ ਆਦਰਸ਼ਾਂ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਪਿ੍ਤਪਾਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਾਹਸ, ਨੈਤਿਕਤਾ ਅਤੇ ਸਮਾਵੇਸ਼ੀ ਨੇਤਿ੍ਤਵ ਦਾ ਸਦੀਵੀ ਮਾਡਲ ਪੇਸ਼ ਕਰਦਾ ਹੈ | ਉਨ੍ਹਾਂ ਕਿਹਾਕਿ ਸਿੱਖਿਆ ਸੰਸਥਾਵਾਂ ਲਈ ਇਹ ਲਾਜ਼ਮੀ ਹੈ ਕਿ ਅਜਿਹੇ ਮੁੱਲਾਂ ਨੂੰ ਸਿੱਖਿਆ ਪ੍ਰਣਾਲੀ ਦਾ ਅਟੁੱਟ ਹਿੱਸਾ ਬਣਾਇਆ ਜਾਵੇ ਤਾਂ ਜੋ ਸਮਾਜਕ ਤੌਰ 'ਤੇ ਸੰਵੇਦਨਸ਼ੀਲ ਅਤੇ ਨੈਤਿਕ ਤੌਰ 'ਤੇ ਮਜ਼ਬੂਤ ਨੇਤਾ ਤਿਆਰ ਹੋ ਸਕਣ | ਡਾ. ਹਰਨੀਤ ਬਿਲਿੰਗ ਪ੍ਰੋਗਰਾਮ ਕੋਆਰਡੀਨੇਟਰ ਐੱਨ. ਐੱਸ. ਐੱਸ. ਨੇ ਕਿਹਾ ਕਿ ਇਸ ਪ੍ਰੋਗ੍ਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਦਇਆ, ਨਿਆਂ ਅਤੇ ਨਿਸ਼ਕਾਮ ਸੇਵਾ 'ਤੇ ਆਧਾਰਿਤ ਅਗਵਾਈ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ | ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਨੇ ਐੱਨ. ਐੱਸ. ਐੱਸ. ਇਕਾਈ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਪਿੰਡ ਦੇ ਸਰਪੰਚ ਨੇ ਯੂਨੀਵਰਸਿਟੀ ਵਲੋਂ ਪਿੰਡ ਪੱਧਰ 'ਤੇ ਕਰਵਾਏ ਗਏ ਇਸ ਅਰਥਪੂਰਨ ਅਤੇ ਮੁੱਲ-ਕੇਂਦਰਿਤ ਪ੍ਰੋਗ੍ਰਾਮ ਦੀ ਪ੍ਰਸ਼ੰਸ਼ਾ ਕੀਤੀ | ਇਸ ਮੌਕੇ ਡਾ. ਮੋਨਿਕਾ , ਡਾ. ਸਰਪ੍ਰੀਤ ਸਿੰਘ ਪ੍ਰੋਗਰਾਮ ਅਫ਼ਸਰ, ਜਸਪ੍ਰੀਤ ਕੌਰ, ਤਰੁਣ ਧਾਢਵਾਲ ਸਹਾਇਕ ਪ੍ਰੋਫੈਸਰ ਜੁਆਲੌਜੀ ਵਿਭਾਗ ਤੇ ਕਰਮਬੀਰ ਸਿੰਘ ਲੈਬ ਟੈਕਨੀਸ਼ੀਅਨ ਸੀ. ਐੱਸ. ਈ. ਆਦਿ ਹਾਜ਼ਰ ਸਨ |