ਫ਼ਤਹਿਗੜ੍ਹ ਸਾਹਿਬ, 28 ਦਸੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਸ਼ੋ੍ਰਮਣੀ ਕਮੇਟੀ ਤੇ ਸੱਚਖੰਡ ਵਾਸੀ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਦੇ ਡੇਰੇ ਦੇ ਮੁਖੀ ਬੀਬਾ ਕੁਲਵਿੰਦਰ ਕੌਰ ਦੇ ਸਹਿਯੋਗ ਨਾਲ 'ਆਓ ਦਸਤਾਰਾਂ ਸਜਾਈਏ' ਮੁਹਿੰਮ ਤਹਿਤ ਗੁਰਦੁਆਰਾ ਠੰਢਾ ਬੁਰਜ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ ਨੇ ਦੱਸਿਆ ਕਿ ਦਸਤਾਰ ਕੈਂਪ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਪਤਿਤ ਨੌਜਵਾਨਾਂ ਨੇ ਸਿਰਾਂ 'ਤੇ ਦਸਤਾਰਾਂ ਸਜਾ ਕੇ ਪੱਕੇ ਤੌਰ 'ਤੇ ਸਾਬਤ ਸੂਰਤ ਹੋਕੇ ਦਸਤਾਰਾਂ ਸਜਾਉਣ ਦਾ ਪ੍ਰਣ ਕੀਤਾ, ਜਿਨ੍ਹਾਂ ਨੂੰ ਸੰਸਥਾ ਵਲੋਂ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਭਾਈ ਹਰਪਾਲ ਸਿੰਘ ਹੈੱਡਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਗੁਰਦੀਪ ਸਿੰਘ ਕੰਗ, ਅਡੀਸ਼ਨਲ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਬੀਬਾ ਕੁਲਵਿੰਦਰ ਕੌਰ, ਭਾਈ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਲਈ ਪ੍ਰੇਰਤ ਕੀਤਾ | ਭਾਈ ਖ਼ੁਰਦ ਨੇ ਕਿਹਾ ਕਿ ਵਿਰਸਾ ਸੰਭਾਲ ਸਰਦਾਰੀ ਲਹਿਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਆਉਣ ਵਾਲੇ ਸਮੇਂ ਦੌਰਾਨ ਨੌਜਵਾਨੀ ਨੂੰ ਦਸਤਾਰਾਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ-ਪਿੰਡ ਪੱਧਰ ਤੇ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਗੁਰਦੀਪ ਸਿੰਘ ਰਾਜੂ ਆਲਮਗੀਰ ਤੇ ਗੁਰਪ੍ਰੀਤ ਸਿੰਘ ਪੀਤਾ ਦੀ ਸਮੁੱਚੀ ਟੀਮ, ਸੰਸਥਾ ਦੇ ਮੁੱਖ ਸਕੱਤਰ ਭਾਈ ਗੁਰਵਿੰਦਰ ਸਿੰਘ, ਸਲਾਹਕਾਰ ਅਮਨਦੀਪ ਸਿੰਘ ਰਤਨ, ਇੰਟਰਨੈਸ਼ਨਲ ਦਸਤਾਰ ਕੋਚ ਸੁਖਚੈਨ ਸਿੰਘ, ਹਰਵਿੰਦਰ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ ਚੀਮਾ ਤੋਂ ਇਲਾਵਾ ਪ੍ਰਭਪਿੰਦਰ ਸਿੰਘ ਬਾਠਾਂ, ਮਨਜੀਤ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਸਿਆੜ, ਕਿਰਨਦੀਪ ਸਿੰਘ, ਗੁਰਵਿੰਦਰ ਸਿੰਘ ਘਵੱਦੀ, ਜਸ਼ਨਦੀਪ ਸਿੰਘ ਮਲੌਦ ਤੇ ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |