ਫ਼ਤਹਿਗੜ੍ਹ ਸਾਹਿਬ, 29 ਦਸੰਬਰ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ, ਜਿਨ੍ਹਾਂ ਨੇ ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਨੂੰ ਠੰਢੇ ਬੁਰਜ ਵਿਚ ਕੈਦ ਸਮੇਂ ਤਿੰਨ ਦਿਨ ਦੁੱਧ ਪਾਣੀ ਰੋਟੀ ਛਕਾਉਣ ਦੀ ਪ੍ਰਸ਼ਾਸਨ ਤੋਂ ਚੋਰੀ ਸੇਵਾ ਕੀਤੀ ਸੀ | ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਕਰਾਉਣ ਲਈ ਆਪਣਾ ਯੋਗਦਾਨ ਪਾਇਆ ਸੀ, ਦੇ ਬਦਲੇ ਨਵਾਬ ਵਜ਼ੀਰ ਖ਼ਾਨ ਨੂੰ ਪਤਾ ਲੱਗਣ 'ਤੇ ਬਾਬਾ ਜੀ ਨੂੰ ਸਮੇਤ ਪਰਿਵਾਰ 3 ਜਨਵਰੀ ਵਾਲੇ ਦਿਨ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਬਾਬਾ ਜੀ ਦਾ ਸ਼ਹੀਦੀ ਦਿਵਸ 3 ਜਨਵਰੀ ਨੂੰ ਯਾਦਗਾਰ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐੱਸ.ਐੱਸ ਨੇ ਦੱਸਿਆ ਕਿ ਬਾਬਾ ਜੀ ਦੇ ਸ਼ਹੀਦੀ ਦਿਵਸ ਮੌਕੇ ਰਾਗੀ, ਢਾਡੀ ਜਥੇ, ਕੀਰਤਨੀਏ ਬਾਬਾ ਜੀ ਦੀ ਸਮੇਤ ਪਰਿਵਾਰ ਦਿੱਤੀ ਅਦੁੱਤੀ ਕੁਰਬਾਨੀ ਬਾਰੇ ਸੰਗਤਾਂ ਨੂੰ ਜਿੱਥੇ ਜਾਣੂ ਕਰਵਾਉਣਗੇ, ਉੱਥੇ ਆਪਣੀਆਂ ਵਾਰਾਂ ਤੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਸੰਗਤਾਂ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਬਾਬਾ ਜੀ ਦੇ ਅਸਥਾਨ 'ਤੇ ਮਨਾਏ ਜਾ ਰਹੇ ਸ਼ਹੀਦੀ ਦਿਵਸ ਮੌਕੇ ਵੱਧ ਤੋਂ ਵੱਧ ਗਿਣਤੀ ਵਿਚ ਹਜ਼ਾਰੀ ਲਗਵਾਉਣ ਦੀ ਅਪੀਲ ਵੀ ਕੀਤੀ |