ਫ਼ਤਹਿਗੜ੍ਹ ਸਾਹਿਬ, 30 ਦਸੰਬਰ (ਰਾਜਿੰਦਰ ਸਿੰਘ)-ਡਾ. ਅੰਬੇਦਕਰ ਭਵਨ ਤੋਂ ਸ਼ੁਰੂ ਹੋ ਕੇ ਚੋਅ ਕੰਢੇ ਸਰਹਿੰਦ ਮੰਡੀ ਵੱਲ ਜਾਣ ਵਾਲੀ ਸੜਕ 'ਤੇ ਕੁਝ ਹਿੱਸਾ ਛੱਡ ਕੇ ਬਾਕੀ ਸਾਰੇ ਕੰਢੇ 'ਤੇ ਕਿਤੇ ਵੀ ਰੇਿਲੰਗ ਨਾ ਲੱਗੀ ਹੋਣ ਕਰਕੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਸਮਾਜ ਸੇਵਕ ਅਵਤਾਰ ਸਿੰਘ ਜੱਸਲ, ਸੰਜੀਵ ਭਾਰਦਵਾਜ, ਇੰਦਰਜੀਤ ਸਿੰਘ ਬਠਲਾ, ਅਤੇ ਨਰਿੰਦਰ ਕੌਸ਼ਲ ਨੇ ਦੱਸਿਆ ਕਿ ਮੁੱਖ ਸੜਕ 'ਤੇ ਭੀੜ ਭੜੱਕਾ ਬਣਿਆ ਹੋਣ ਕਾਰਨ ਲੋਕਾਂ ਨੇ ਚੋਅ ਵਾਲੀ ਸੜਕ ਨੂੰ ਫ਼ਤਹਿਗੜ੍ਹ ਸਾਹਿਬ ਤੇ ਸਰਹਿੰਦ ਸ਼ਹਿਰ ਤੋਂ ਸਰਹਿੰਦ ਮੰਡੀ ਜਾਣ ਲਈ ਪਹਿਲ ਦਿੱਤੀ ਹੋਈ ਹੈ | ਇੱਥੇ ਇਹ ਗੱਲ ਵਰਣਨ ਯੋਗ ਹੈ ਕਿ ਬਹੁਤ ਥੋੜ੍ਹੀ ਜਗ੍ਹਾ 'ਤੇ ਰੇਿਲੰਗ ਚੋਅ ਕੰਢੇ ਲੱਗੀ ਹੋਈ ਹੈ, ਪਰ ਬਾਕੀ ਚੋਅ ਦੇ ਸਾਰੇ ਰਸਤੇ ਕੰਢੇ 'ਤੇ ਕਿਧਰੇ ਵੀ ਰੇਿਲੰਗ ਨਹੀਂ ਲੱਗੀ ਹੋਈ | ਇਸ ਚੋਅ ਦੇ ਕੰਢੇ ਜੋ ਸੜਕ ਬਣੀ ਹੈ, ਉਸ ਵਿਚ ਕਈ ਥਾਵਾਂ 'ਤੇ ਮੋੜ ਬਣੇ ਹੋਏ ਹਨ | ਜੋ ਅਕਸਰ ਵਾਹਨ ਚਾਲਕਾਂ ਲਈ ਭੁਲੇਖੇ ਦਾ ਕਾਰਨ ਵੀ ਬਣ ਸਕਦੇ ਹਨ, ਜੋ ਕਿ ਹੁਣ ਸਰਦੀ ਦੇ ਮੌਸਮ ਵਿਚ ਧੁੰਦ ਪੈਣ ਕਾਰਨ ਕੋਈ ਵੀ ਦੁਰਘਟਨਾ ਇਸ ਸੜਕ 'ਤੇ ਵਾਪਰ ਸਕਦੀ ਹੈ | ਜਿਨ੍ਹਾਂ ਤੋਂ ਬਚਾਅ ਲਈ ਇੱਥੇ ਰੇਿਲੰਗ ਲੱਗਣੀ ਬਹੁਤ ਜ਼ਰੂਰੀ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਤੋਂ ਮੰਗ ਕੀਤੀ ਕਿ ਇਸ ਚੋਅ ਦੇ ਕੰਢੇ 'ਤੇ ਅਖੀਰ ਤੱਕ ਮਜ਼ਬੂਤ ਰੇਿਲੰਗ ਲਗਾਈ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਨਾ ਵਾਪਰੇ |