ਗੁਰਦਾਸਪੁਰ, 31 ਮਈ (ਗੁਰਪ੍ਰਤਾਪ ਸਿੰਘ)-9 ਜੂਨ ਨੂੰ ਗਾਂਧੀਆ ਪਨਿਆੜ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ 309ਵੇਂ ਸ਼ਹਾਦਤ ਦਿਹਾੜੇ ਅਤੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ 35ਵੇਂ ਸ਼ਹੀਦੀ ਦਿਵਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ ਸਿਆਸੀ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਬੁਲਾਰੇ ਕਾਮਰੇਡ ਰਮੇਸ਼ ਰਾਣਾ ਤੇ ਰਾਜ ਕੁਮਾਰ ਪੰਡੋਰੀ ਨੇ ਕਿਹਾ ਕਿ ਤਕਰੀਬਨ 300 ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਚੱਲੇ ਸਨ ਅਤੇ ਉਨ੍ਹਾਂ ਵਲੋਂ ਸਿੱਖ ਫ਼ੌਜਾਂ ਨੂੰ ਜਥੇਬੰਦ ਕਰਕੇ ਮੁਗ਼ਲ ਦੌਰ ਦੀ ਜਗੀਰਦਾਰੀ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕੀਤਾ ਸੀ | ਉਨ੍ਹਾਂ ਵਲੋਂ ਜਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਆਮ ਕਿਸਾਨ, ਮਜ਼ਦੂਰਾਂ ਵਿਚ ਵੰਡੀ ਗਈ ਸੀ ਅਤੇ ਜ਼ਮੀਨ ਹਲ਼ ਵਾਹਕ ਦੀ ਨਾਅਰੇ ਨੂੰ ਹਕੀਕੀ ਅਤੇ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਸੀ | ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਖਾਏ ਰਾਹ ਉੱਪਰ ਚੱਲਦਿਆਂ ਗ਼ਰੀਬ ਕਿਸਾਨ, ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੇ ਕਾਮਰੇਡ ਅਮਰੀਕ ਸਿੰਘ ਪਨਿਆੜ ਫ਼ਿਰਕਾਪ੍ਰਸਤੀ ਖ਼ਿਲਾਫ਼ ਉੱਠੀ ਲਹਿਰ ਦੇ ਮੋਹਰੀ ਆਗੂਆਂ ਵਿਚੋਂ ਇਕ ਸਨ, ਨੇ ਸਰਕਾਰੀ ਅਤੇ ਫ਼ਿਰਕੂ ਦਹਿਸ਼ਤਗਰਦੀ ਦਾ ਡਟ ਕੇ ਵਿਰੋਧ ਕੀਤਾ ਅਤੇ ਸ਼ਹਾਦਤ ਦਾ ਜਾਮ ਪੀਤਾ | ਆਗੂਆਂ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਮੁਗ਼ਲ ਦੌਰ ਵਾਂਗ ਦੇਸ਼ ਭਰ ਵਿਚ ਫ਼ਿਰਕੂ ਅੱਗ ਲਗਾ ਕੇ ਘੱਟ ਗਿਣਤੀਆਂ, ਆਦਿਵਾਸੀ ਤੇ ਦਲਿਤਾਂ ਦਾ ਘਾਣ ਕਰ ਰਹੀ ਹੈ ਅਤੇ ਦੇਸ਼ ਦੇ ਜਲ, ਜੰਗਲ ਤੇ ਜ਼ਮੀਨ ਨੂੰ ਕੁਝ ਕੁ ਮੁੱਠੀ ਭਰ ਸਰਮਾਏਦਾਰਾਂ ਦੇ ਹਵਾਲੇ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਭੂਮਿਕਾ ਇਤਿਹਾਸ ਦੇ ਵਜ਼ੀਰ ਖਾਂ ਵਾਲੀ ਹੋਈ ਹੈ | ਜੀਂਦ ਰਿਆਸਤ ਦੇ ਰਾਜੇ ਦੀ ਸਰਪਲੱਸ ਜ਼ਮੀਨ ਆਮ ਬੇਜ਼ਮੀਨੇ ਕਿਸਾਨ, ਮਜ਼ਦੂਰਾਂ ਨੂੰ ਵੰਡਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ, ਮਜ਼ਦੂਰਾਂ ਉੱਪਰ ਨਾ ਸਿਰਫ਼ ਜ਼ਬਰ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ ਸਗੋਂ ਉਨ੍ਹਾਂ ਨੂੰ ਜੇਲ੍ਹਾਂ 'ਚ ਡੱਕ ਕੇ ਉਨ੍ਹਾਂ ਦੀ ਇਸ ਲੜਾਈ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |