ਫਤਹਿਗੜ੍ਹ ਚੂੜੀਆਂ, 31 ਮਈ (ਅਵਤਾਰ ਸਿੰਘ ਰੰਧਾਵਾ)-ਕੌਮੀ ਇਨਸਾਫ ਮੋਰਚੇ ਦੇ ਸੱਦੇ 'ਤੇ ਕਿਸਾਨ, ਮਜ਼ਦੂਰ, ਵਪਾਰੀ, ਧਾਰਮਿਕ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਪੰਜਾਬ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਸਬ ਡਵੀਜ਼ਨ ਤੋਂ ਐਸ.ਡੀ.ਐਮ. ਦਫਤਰ ਰਾਹੀਂ ਰਾਸ਼ਟਰਪਤੀ, ਰਾਜਪਾਲ ਦੇ ਨਾਂਅ 'ਤੇ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਰੋਜ਼ਾਨਾ ਝੂਠੇ ਪੁਲਿਸ ਮੁਕਾਬਲੇ, ਪੁਲਿਸ ਹਿਰਾਸਤ ਵਿਚ ਮੌਤਾਂ, ਭਿ੍ਸ਼ਟਾਚਾਰ, ਵਧ ਚੁੱਕੇ ਨਸ਼ੇ, ਹਰ ਖੇਤਰ ਵਿਚ ਮਾਫੀਆ ਗਰੋਹ, ਨਾਜਾਇਜ਼ ਪੁਲਿਸ ਗਿ੍ਫਤਾਰੀਆਂ, ਸਾਲਾਂਬੱਧੀ ਬਿਨਾਂ ਮੁਕੱਦਮੇ ਚਲਾਏ ਜੇਲਾਂ ਵਿਚ ਬੰਦ ਲੋਕ, ਭਾਈ ਅੰਮਿ੍ਤਪਾਲ ਸਿੰਘ ਮੈਂਬਰ ਲੋਕ ਸਭਾ ਸਮੇਤ ਹੋਰਨਾਂ ਨੂੰ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਜੇਲ੍ਹਾਂ ਵਿਚ ਬੰਦੀ ਬਣਾਉਣਾ, ਜਿਨਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਦਰਜਨਾਂ ਸਾਥੀ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ | ਮੰਗਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਭਾਈ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ ਸਮੇਤ ਸਾਰਿਆਂ ਨੂੰ ਤੁਰੰਤ ਰਿਹਾਅ ਕਰਨ ਤੋਂ ਇਲਾਵਾ ਬੇਅਦਬੀ ਕਰਨ ਵਾਲੇ ਦੋਸ਼ੀਆਂ ਲਈ ਸਖਤ ਕਾਨੂੰਨ ਹੋਵੇ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਵਿਚ ਬਣਾਈਆਂ ਸਿੱਟਾਂ 'ਤੇ ਚਲਾਨ ਪੇਸ਼ ਕੀਤੇ ਜਾਣ, ਦੋਹਾਂ ਪੰਜਾਬਾਂ ਦੀ ਸਾਂਝ ਨੂੰ ਦੋਹਾਂ ਦੇਸ਼ਾਂ ਦੇ ਚੰਗੇ ਸੰਬੰਧਾਂ ਦੇ ਵਰਤਿਆ ਜਾਵੇ ਸਮੇਤ ਕਈ ਮੰਗਾਂ ਰੱਖੀਆਂ ਗਈਆਂ | ਇਸ ਮੌਕੇ ਕੁਲਵੰਤ ਸਿੰਘ ਮਝੈਲ, ਲਖਵਿੰਦਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ, ਮੋਹਨ ਸਿੰਘ, ਧੀਰ ਸਿੰਘ, ਕੁਲਦੀਪ ਸਿੰਘ ਪਟਵਾਰੀ ਦਾਦੂਯੋਧ, ਦਿਲਬਾਗ ਸਿੰਘ, ਬਾਬਾ ਰਤਨ ਸਿੰਘ, ਹਰਮਨਪ੍ਰੀਤ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ |