ਗੁਰਦਾਸਪੁਰ, 31 ਮਈ (ਚੱਕਰਾਜਾ)-ਜੀਆ ਲਾਲ ਮਿੱਤਲ ਸਕੂਲ ਵਿਖੇ ਡੀ. ਈ. ਓ. ਰਾਜੇਸ਼ ਸ਼ਰਮਾ ਦੀ ਅਗਵਾਈ ਤੇੇ ਪਿ੍ੰਸੀਪਲ ਰਾਜੀਵ ਭਾਰਤੀ ਦੇ ਯਤਨਾਂ ਸਦਕਾ ਧਰਤੀ ਸੰਭਾਲ ਦੇ ਉਦੇਸ਼ ਨੂੰ ਪੂਰਾ ਕਰਨ ਲਈ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਇਸ ਤਹਿਤ ਸਕੂਲ ਦੇ ਪਿ੍ੰਸੀਪਲ ਰਾਜੀਵ ਭਾਰਤੀ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ 62 ਔਸ਼ਧੀ ਪੌਦੇ (ਨਿੰਮ, ਆਂਵਲਾ, ਬਹਿਰਾ ਆਦਿ) ਲਗਾ ਕੇ ਵਾਤਾਵਰਨ ਦੀ ਸੰਭਾਲ 'ਚ ਯੋਗਦਾਨ ਪਾਇਆ | ਪਿ੍ੰਸੀਪਲ ਰਾਜੀਵ ਭਾਰਤੀ ਨੇ ਕਿਹਾ ਕਿ ਧਰਤੀ ਲੱਖਾਂ ਜੀਵਾਂ ਦਾ ਘਰ ਹੈ, ਰੁੱਖਾਂ ਤੋਂ ਬਿਨਾਂ ਧਰਤੀ 'ਤੇ ਜੀਵਨ ਸੰਭਵ ਨਹੀਂ ਹੈ, ਅੱਜ ਪ੍ਰਦੂਸ਼ਣ ਆਪਣੇ ਸਿਖਰ 'ਤੇ ਹੈ | ਇਸ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦਾ ਇਕੋ ਇੱਕ ਤਰੀਕਾ ਰੁੱਖ ਲਗਾਉਣਾ ਹੈ | ਉਨ੍ਹਾਂ ਕਿਹਾ ਕਿ ਅੱਜ ਅਸੀਂ ਜਿਨ੍ਹਾਂ ਰੁੱਖਾਂ ਅਤੇ ਪੌਦਿਆਂ ਤੋਂ ਲਾਭ ਉਠਾ ਰਹੇ ਹਾਂ ਉਨ੍ਹਾਂ ਦੇ ਫਲ, ਦਵਾਈਆਂ ਆਦਿ ਸਾਡੇ ਪੁਰਖਿਆਂ ਨੇ ਲਗਾਏ ਹਨ, ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਜਨਮ ਦਿਨ, ਵਰ੍ਹੇਗੰਢ ਆਦਿ ਵਰਗੇ ਖ਼ਾਸ ਦਿਨਾਂ 'ਤੇ ਰੁੱਖ ਲਗਾਈਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਲਾਭ ਉਠਾ ਸਕਣ | ਇਸ ਮੌਕੇ ਬੱਚਿਆਂ ਨੂੰ ਪੌਦੇ ਵੰਡ ਕੇੇ ਆਲੇ-ਦੁਆਲੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ |