ਬਟਾਲਾ, 31 ਮਈ (ਸਤਿੰਦਰ ਸਿੰਘ)-ਐੱਸ. ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ ਸੈਸ਼ਨ 2025-26 ਦੀ ਪਹਿਲੀ ਅਧਿਆਪਕ-ਮਾਪੇ ਮੀਟਿੰਗ ਹੋਈ, ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਗਪਗ 90 ਪ੍ਰਤੀਸ਼ਤ ਮਾਪਿਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ | ਮੀਟਿੰਗ ਦੌਰਾਨ ਅਧਿਆਪਕਾਂ ਨੂੰ ਹਰੇਕ ਬੱਚੇ ਦੇ ਵਿਕਾਸ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ ਮਾਪਿਆਂ ਨਾਲ ਜੁੜਨ ਤੇ ਵਿਆਪਕ ਫੀਡਬੈਕ ਦੇਣ ਦਾ ਮੌਕਾ ਮਿਲਿਆ | ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਹੋਰ ਗਤੀਵਿਧੀਆਂ ਅਤੇ ਵਿਸ਼ਿਆਂ 'ਤੇ ਵੀ ਚਰਚਾ ਕੀਤੀ ਗਈ | ਇਸ ਮੀਟਿੰਗ ਵਿਚ ਮਾਪਿਆਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਰੋਜ਼ਾਨਾ ਦੇ ਵਿਵਹਾਰ, ਸਮਾਂ-ਸਾਰਣੀ, ਖੇਡਾਂ ਤੇ ਰੁਚੀਆਂ ਬਾਰੇ ਜਾਣੂ ਕਰਵਾਇਆ | ਇਸ ਮੌਕੇ ਬੱਚਿਆਂ ਦੀ ਹੱਥ ਲਿਖਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਬੱਚਿਆਂ ਨੂੰ ਰਚਨਾਤਮਕ ਗਤੀਵਿਧੀਆਂ ਵਿਚ ਸ਼ਾਮਲ ਹੋਣ, ਪਰਿਵਾਰ ਨਾਲ ਸਮਾਂ ਬਿਤਾਉਣ ਅਤੇ ਕੁਝ ਨਵਾਂ ਸਿਖਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਟੀ.ਵੀ. ਅਤੇ ਮੋਬਾਈਲ ਤੋਂ ਦੂਰ ਰਹਿਣ ਲਈ ਕਿਹਾ ਗਿਆ | ਸਕੂਲ ਦੇ ਡਾਇਰੈਕਟਰ ਐੱਮ. ਐੱਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਜੇਤੂ) ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਮਾਪਿਆਂ ਤੇ ਅਧਿਆਪਕਾਂ ਨੂੰ ਇਕੱਠੇ ਕਰਨਾ ਅਤੇ ਬੱਚਿਆਂ ਦੇ ਵਿਕਾਸ ਤੇ ਪ੍ਰਦਰਸ਼ਨ 'ਤੇ ਚਰਚਾ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨਾ ਹੈ | ਚੇਅਰਮੈਨ ਡਾ. ਰਾਜੇਸ਼ ਸ਼ਰਮਾ ਅਤੇ ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਨੇ ਕਿਹਾ ਕਿ ਬੱਚਿਆਂ ਨੂੰ ਇਥੇ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾ ਰਹੀ ਹੈ | ਪਿ੍ੰਸੀਪਲ ਕੋਮਲ ਅਗਰਵਾਲ ਨੇ ਕਿਹਾ ਕਿ ਬਦਲਦੇ ਸਮੇਂ ਵਿਚ ਸਿੱਖਿਆ ਦਾ ਰੂਪ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਇਸ ਯੁੱਗ ਵਿਚ ਸਿਰਫ਼ ਕਿਤਾਬੀ ਗਿਆਨ ਹੀ ਕਾਫ਼ੀ ਨਹੀਂ ਹੈ, ਸਗੋਂ ਤਕਨੀਕੀ ਸਮਝ ਤੇ ਨਵੀਨਤਾ ਹੁਣ ਸਫਲਤਾ ਦੀ ਨੀਂਹ ਬਣ ਗਈ ਹੈ |