ਬਟਾਲਾ, 1 ਜੂਨ (ਸਤਿੰਦਰ ਸਿੰਘ)-ਵਿਨਫੋਰਡ ਵਰਲਡ ਸਕੂਲ ਬੁੱਲੋਵਾਲ ਬਟਾਲਾ ਸਿੱਖਿਆ ਦੇ ਖੇਤਰ ਵਿਚ ਹੀ ਨਹੀਂ ਸਗੋਂ ਖੇਡ ਪੱਧਰ 'ਤੇ ਵੀ ਉੱਚੇ ਮੁਕਾਮ ਹਾਸਿਲ ਕਰਨ ਕਾਰਨ ਸਮੂਹ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸੇ ਦੌਰਾਨ ਬੀਤੇ ਦਿਨੀਂ ਸਕੂਲ ਨੂੰ ਇਕ ਵਾਰ ਫਿਰ ਆਈ. ਸੀ. ਐਸ. ਈ. ਵਲੋਂ ਜ਼ੋਨਲ ਪੱਧਰੀ ਕਰਾਟੇ ਚੈਂਪੀਅਨਸ਼ਿਪ ਮੁਕਾਬਲੇ ਕਰਵਾਉਣ ਦਾ ਮਾਣ ਹਾਸਲ ਹੋਇਆ | ਵੱਖ-ਵੱਖ ਸਕੂਲ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਹੁੰਮ-ਹੁਮਾ ਕੇ ਹਿੱਸਾ ਲਿਆ | ਵਿਨਫੋਰਡ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਇਨਾਂ ਮੁਕਾਬਲਿਆਂ ਵਿਚ ਖੂਬ ਮੱਲਾਂ ਮਾਰਦਿਆਂ ਅਤੇ ਵੱਖ-ਵੱਖ ਮੁਕਾਮ ਹਾਸਿਲ ਕਰਦਿਆਂ ਅੰਡਰ-17 ਦੀ ਆਲ ਓਵਰ ਕਰਾਟੇ ਚੈਂਪੀਅਨਸ਼ਿਪ ਟਰਾਫੀ ਨੂੰ ਆਪਣੇ ਨਾਂਅ ਲਿਖਾ ਕੇ ਸਕੂਲ ਤੇ ਮਾਤਾ-ਪਿਤਾ ਦਾ ਮਾਣ ਵਧਾਇਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਿਕਰਮਜੀਤ ਸਿੰਘ ਬਾਠ ਵਲੋਂ ਰਸਮੀ ਉਦਘਾਟਨ ਕਰ ਕੇ ਖੇਡਾਂ ਦੀ ਸ਼ੁਰੂਆਤ ਕਰਵਾਉਂਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਪਿ੍ੰਸੀਪਲ ਦਿਵਿਆ ਗੌਤਮ ਨੇ ਦੱਸਿਆ ਕਿ ਇਸ ਮੌਕੇ ਪੁੱਜੇ ਨੁਮਾਇੰਦਿਆਂ ਵਲੋਂ ਟੀਮਾਂ ਨਾਲ ਜਾਣ-ਪਛਾਣ ਕੀਤੀ ਤੇ ਟੀਮਾਂ ਲੈ ਕੇ ਆਏ ਇਚਾਰਜਾਂ ਦੀ ਹੌਂਸਲਾ ਅਫ਼ਜਾਈ ਕੀਤੀ | ਇਨ੍ਹਾਂ ਖੇਡਾਂ ਦੌਰਾਨ ਕਰਾਟੇ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਦੇ ਮੁਕਾਬਲੇ ਕਰਵਾਏ ਗਏ | ਕਰਾਟੇ ਕੋਚ ਅਤੇ ਡੀਪੀ ਅੰਮਿ੍ਤਪਾਲ ਸਿੰਘ, ਮਨਦੀਪ ਕੌਰ, ਗੁਰਪ੍ਰੀਤ ਸਿੰਘ ਹੋਰਾਂ ਦੀ ਯੋਗ ਅਗਵਾਈ ਹੇਠ ਕਰਾਟੇ ਮੁਕਾਬਲੇ ਵਿਚ ਅੰਡਰ-14 ਤਹਿਤ ਅਵਿਰਾਜ ਸਿੰਘ, ਸਰਤਾਜ ਸਿੰਘ, ਪਾਰਥ ਮਹਾਜਨ, ਪ੍ਰਥਮਪਾਲ ਸਿੰਘ, ਏਕਮਪ੍ਰੀਤ ਕੌਰ, ਗੁਨੀਤ ਕੌਰ ਨੇ ਸੋਨ ਤਗਮੇ ਨਾਲ ਹੀ ਹਰਗੁਨ ਕੌਰ, ਜਸਲੀਨ ਕੌਰ, ਹਰਸ਼ਵੀਰ ਸਿੰਘ ਨੇ ਚਾਂਦੀ ਦੇ ਤਗਮੇ ਹਾਸਿਲ ਕੀਤੇ | ਇਸੇ ਲੜੀ ਤਹਿਤ ਅੰਡਰ-17 ਸ਼ੁਭਦੀਪ ਕੌਰ, ਸੁਪ੍ਰੀਤ ਕੌਰ, ਸਾਰਾ ਡੀਨ, ਅਸ਼ਮੀਤ ਸਿੰਘ, ਹਰਨੂਰ ਸਿੰਘ, ਅਨਮੋਲਪ੍ਰੀਤ ਸਿੰਘ, ਤਰਨਵੀਰ ਸਿੰਘ ਨੇ ਸੋਨ ਤਗਮੇ ਅਤੇ ਸਮਰੱਥਵੀਰ ਸਿੰਘ, ਤਨਜੋਤ ਸਿੰਘ ਨੇ ਚਾਂਦੀ ਤਗਮੇ ਹਾਸਿਲ ਕਰਕੇ ਸਕੂਲ ਦੀ ਸ਼ਾਨ ਵਿਚ ਚਾਰ ਚੰਨ੍ਹ ਲਗਾ ਦਿੱਤੇ | ਚੇਅਰਮੈਨ ਬਿਕਰਮਜੀਤ ਸਿੰਘ ਬਾਠ ਅਤੇ ਪਿ੍ੰਸੀਪਲ ਦਿਵਿਆ ਗੌਤਮ ਵਲੋਂ ਜਿੱਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਖੇਡਾਂ ਵਿਚ ਵਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਤੇ ਤਮਗਿਆਂ ਅਤੇ ਸ਼ੀਲਡਾਂ ਨਾਲ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ |