ਹਰਚੋਵਾਲ, 1 ਜੂਨ (ਭਾਮ, ਢਿੱਲੋਂ)-ਪਿੰਡ ਬਸਰਾਏ ਦੇ ਗੁਰੂਦੁਆਰਾ ਹਰਿ ਕਾ ਤੀਰਥ ਵਿਖੇ ਯੁਵਕ ਸੇਵਾਵਾਂ ਕਲੱਬ ਬਸਰਾਏ ਵੱਲੋਂ ਸ਼ਹੀਦਾਂ ਦੇ ਸਰਤਾਜ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਵਿਚ ਪਿੰਡ ਬਸਰਾਵਾਂ ਦੇ ਲਗਪਗ 30 ਵਿਦਿਆਰਥੀਆਂ ਨੇ ਭਾਗ ਲਿਆ ਜਿਨਾਂ ਨੇ ਕਵਿਤਾਵਾਂ, ਗੀਤਾਂ, ਭਾਸ਼ਣ ਤੇ ਪੋਸਟਰਾਂ ਰਾਹੀਂ ਗੁਰੂ ਅਰਜਨ ਦੇਵ ਜੀ ਦੇ ਜੀਵਨ, ਉਨ੍ਹਾਂ ਦੁਆਰਾ ਕੀਤੇ ਸੇਵਾ ਦੇ ਕਾਰਜ ਅਤੇ ਉਨ੍ਹਾਂ ਦੀ ਸ਼ਹੀਦੀ ਨੂੰ ਬੜੇ ਵਧੀਆ ਤਰੀਕੇ ਨਾਲ ਬਿਆਨ ਕੀਤਾ | ਬਾਬਾ ਨਰਿੰਦਰ ਸਿੰਘ ਖੁਜਾਲਾ ਵਲੋਂ ਆਪਣੇ ਵਿਚਾਰ ਕਥਾ ਰਾਹੀਂ ਪ੍ਰਗਟ ਕੀਤੇ | ਗੁਰਦੁਆਰਾ ਹਰਿ ਕਾ ਤੀਰਥ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਕਾਹਲੋਂ ਨੇ ਯੁਵਕ ਸੇਵਾਵਾਂ ਕਲੱਬ ਬਸਰਾਏ ਵਲੋਂ ਪਿਛਲੇ ਸਾਲਾਂ ਤੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਾਲਾਘਾ ਕੀਤੀ | ਇਸ ਮੌਕੇ ਕਲੱਬ ਵਲੋਂ ਸਾਰੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ ਗਏ | ਗੁਰਦੁਆਰਾ ਸਿੰਘ ਸਭਾ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸਰਪੰਚ ਸਤਨਾਮ ਸਿੰਘ ਸਰਪੰਚ, ਸੁਰਿੰਦਰ ਸਿੰਘ ਫ਼ੌਜੀ, ਬਲਵਿੰਦਰ ਸਿੰਘ ਬਿੱਲੂ ਪ੍ਰਧਾਨ, ਮਹਿੰਦਰ ਸਿੰਘ, ਚਰਨ ਸਿੰਘ, ਗੁਲਜਾਰ ਸਿੰਘ, ਜਸਵੰਤ ਸਿੰਘ ਸਮੇਤ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ | ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿਚ ਸੰਦੀਪ ਸਿੰਘ ਬਾਜਵਾ ਪ੍ਰਧਾਨ, ਸਿਮਰਨ ਸਿੰਘ ਸਕੱਤਰ ਅਤੇ ਗੁਰਸੇਵਕ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਅਖੀਰ ਵਿਚ ਕਲੱਬ ਦੇ ਸਰਪ੍ਰਸਤ ਦਿਲਬਾਗ ਸਿੰਘ ਬਸਰਾਵਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |