ਬਟਾਲਾ, 2 ਜੂਨ (ਰਾਕੇਸ਼ ਰੇਖੀ)-ਕਰਿਆਨਾ ਸਟੋਰ 'ਤੇ ਘਰੇਲੂ ਸਾਮਾਨ ਖਰੀਦਣ ਗਈ 9 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਦੁਕਾਨਦਾਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਵਲ ਲਾਈਨ ਵਿਚ ਦਰਜ ਮਾਮਲੇ ਦੀ ਜਾਂਚ ਅਧਿਕਾਰੀ ਸਬ-ਇੰਸਪੈਕਟਰ ਨਵਪ੍ਰੀਤ ਕੌਰ ਨੇ ਦੱਸਿਆ ਕਿ ਥਾਣਾ ਖੇਤਰ ਦੇ ਇਕ ਇਲਾਕੇ ਦੀ ਰਹਿਣ ਵਾਲੀ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਬੇਟੀ ਜਿਸ ਦੀ ਉਮਰ ਸਿਰਫ਼ 9 ਸਾਲ ਹੈ, ਨੂੰ ਬੀਤੇ ਦਿਨ ਸ਼ਾਮੀ ਕਰੀਬ 6:30 ਵਜੇ ਮੁਹੱਲੇ ਦੇ ਹੀ ਇਕ ਕਰਿਆਨਾ ਸਟੋਰ ਤੋਂ ਘਰੇਲੂ ਸਾਮਾਨ ਖਰੀਦਣ ਲਈ ਭੇਜਿਆ ਸੀ | ਇਸ ਦੌਰਾਨ ਦੁਕਾਨਦਾਰ ਨੇ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ | ਘਰ ਵਾਪਸ ਆ ਕੇ ਬੱਚੀ ਨੇ ਮਾਂ ਨੂੰ ਸਾਰੀ ਜਾਣਕਾਰੀ ਦਿੱਤੀ, ਜਿਸ 'ਤੇ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਦੁਕਾਨਦਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |