ਕਿਲ੍ਹਾ ਲਾਲ ਸਿੰਘ, 2 ਜੂਨ (ਬਲਬੀਰ ਸਿੰਘ)-ਕਿਲ੍ਹਾ ਲਾਲ ਸਿੰਘ ਵਿਖੇ ਚੋਰਾਂ ਵਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ | ਇਸ ਸਬੰਧੀ ਸੋਢੀ ਰਾਮ ਪੁੱਤਰ ਜਗਦੀਸ਼ ਰਾਜ ਵਾਸੀ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਸੋਢੀ ਟੈਲੀਕਾਮ ਨਾਂਅ ਦੀ ਅੱਡਾ ਕਿਲ੍ਹਾ ਲਾਲ ਸਿੰਘ ਵਿਖੇ ਦੁਕਾਨ ਹੈ | ਅੱਜ ਸਵੇਰੇ ਉਨ੍ਹਾਂ ਦੇ ਗੁਆਂਢੀ ਵਲੋਂ ਉਨ੍ਹਾਂ ਨੂੰ ਫੋਨ ਕਰ ਕੇ ਸੂਚਿਤ ਕੀਤਾ ਗਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੋਇਆ ਹੈ | ਜਦ ਉਨ੍ਹਾਂ ਦੁਕਾਨ 'ਤੇ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਦੀ ਕੁੰਡੀ ਤੋੜੀ ਗਈ ਸੀ, ਜਦ ਚੈੱਕ ਕੀਤਾ ਤਾਂ ਦੇਖਿਆ ਕਿ 10 ਤੋਂ 12 ਹਜ਼ਾਰ ਰੁਪਏ ਅਤੇ ਦੋ ਮੋਬਾਇਲ ਚੋਰਾਂ ਵਲੋਂ ਚੋਰੀ ਕਰ ਲਏ ਗਏ ਸਨ | ਇਸੇ ਤਰ੍ਹਾਂ ਆਕਾਸ਼ ਪੁੱਤਰ ਧਰਮ ਸਿੰਘ ਵਾਸੀ ਸੈਦਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਆਕਾਸ਼ ਹੇਅਰ ਕਟਿੰਗ ਦੀ ਦੁਕਾਨ ਹੈ | ਉਨ੍ਹਾਂ ਨੂੰ ਵੀ ਅੱਜ ਸਵੇਰੇ ਗੁਆਂਢੀ ਵਲੋਂ ਫੋਨ 'ਤੇ ਸੂਚਨਾ ਦੇਣ 'ਤੇ ਉਨ੍ਹਾਂ ਆ ਕੇ ਦੇਖਿਆ ਤਾਂ ਦੁਕਾਨ ਦੇ ਤਾਲਿਆਂ ਦੀ ਕੁੰਡੀ ਟੁੱਟੀ ਸੀ | ਅੰਦਰ ਜਾ ਕੇ ਦੇਖਿਆ ਤਾਂ ਬੈਟਰਾ ਚੋਰੀ ਕਰ ਲਿਆ ਗਿਆ ਸੀ | ਇਸੇ ਤਰ੍ਹਾਂ ਚੋਰਾਂ ਵਲੋਂ ਨਜ਼ਦੀਕੀ ਦੋ ਹੋਰ ਦੁਕਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ | ਪੀੜਤ ਦੁਕਾਨਦਾਰਾਂ ਵਲੋਂ ਥਾਣਾ ਕਿਲ੍ਹਾ ਲਾਲ ਸਿੰਘ ਪੁਲਿਸ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |