ਗੁਰਦਾਸਪੁਰ, 2 ਜੂਨ (ਚੱਕਰਾਜਾ)-ਪੰਜਾਬ ਸਰਕਾਰ ਵਲੋਂ ਅਗਸਤ 2018 ਦੇ ਗਜ਼ਟ ਨੋਟੀਫ਼ਿਕੇਸ਼ਨ ਅਨੁਸਾਰ ਸਕੂਲ ਲੈਕਚਰਾਰਾਂ ਦੀਆਂ ਕੁੱਲ ਮਨਜ਼ੂਰਸ਼ੁਦਾ 13252 ਅਸਾਮੀਆਂ 'ਚ ਜੌਗਰਫ਼ੀ (ਭੂਗੋਲ) ਲੈਕਚਰਾਰਾਂ ਦੀਆਂ ਕੇਵਲ 357 ਅਸਾਮੀਆਂ ਹੋਣ ਕਰਕੇ ਉਸ 'ਚੋਂ ਖ਼ਾਲੀ 128 ਅਸਾਮੀਆਂ ਨੂੰ ਸਕੂਲ ਸਿੱਖਿਆ ਵਿਭਾਗ (ਸੈਕੰ) ਪੰਜਾਬ ਵਲੋਂ ਈ-ਪੰਜਾਬ ਪੋਰਟਲ 'ਤੇ ਨਾ ਦਰਸਾਉਣ, ਅਧਿਆਪਕਾਂ ਦੀਆਂ ਤਰੱਕੀਆਂ 'ਚ ਰੁਕਾਵਟ, ਸਿੱਧੀ ਭਰਤੀ ਤੇ ਬਦਲੀਆਂ ਸਮੇਂ ਸਟੇਸ਼ਨ ਸ਼ੋਅ ਨਾ ਹੋਣ, 2000 ਸੈਕੰਡਰੀ ਸਕੂਲਾਂ 'ਚੋਂ 1771 ਸਕੂਲਾਂ ਦੇ ਵਿਦਿਆਰਥੀਆਂ ਦਾ ਭੂਗੋਲ ਵਿਸ਼ੇ ਦੇ ਗਿਆਨ ਤੋਂ ਵਾਂਝੇ ਹੋਣਾ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਤੇ ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ ਦੀ ਅਗਵਾਈ 'ਚ ਵਫ਼ਦ ਵਲੋਂ ਬੀਤੇ ਕੱਲ੍ਹ ਗੁਰਿੰਦਰ ਸਿੰਘ ਸੋਢੀ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰ:) ਪੰਜਾਬ, ਸਹਾਇਕ ਡਾਇਰੈਕਟਰ ਪਰਮਿੰਦਰ ਕੌਰ ਚਾਹਲ ਅਤੇ ਪੀ.ਏ ਭਾਰਤ ਭੂਸ਼ਨ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਕਿ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਰਚਨਾ ਸਮੇਂ ਸਿੱਖਿਆ ਵਿਭਾਗ ਵਲੋਂ ਯੋਗ ਤੇ ਸਹੀ ਮਾਪਦੰਡ ਨਾ ਅਪਣਾਉਣ ਕਰਕੇ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਵੰਡ 'ਚ ਅਸੰਤੁਲਨ ਪੈਦਾ ਹੋਇਆ ਹੈ | ਡਾਇਰੈਕਟਰ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੌਗਰਫ਼ੀ ਲੈਕਚਰਾਰਾਂ ਦੀਆਂ ਖ਼ਾਲੀ 128 ਆਸਾਮੀਆਂ ਨੂੰ ਬਹਾਲ ਕਰਨ ਸਬੰਧੀ ਜ਼ਿੰਮੇਵਾਰੀ ਸਹਾਇਕ ਡਾਇਰੈਕਟਰ ਪਰਮਿੰਦਰ ਕੌਰ ਚਾਹਲ ਦੀ ਲਗਾਈ | ਵਿਚਾਰ ਵਟਾਂਦਰੇ ਦੌਰਾਨ ਡਾਇਰੈਕਟਰ ਨੇ 118 ਸਕੂਲ ਆਫ਼ ਐਮੀਨੈਂਸ 'ਚ ਅਤੇ 174 ਪੀ.ਐਮ.ਸਕੂਲਾਂ 'ਚ ਜੌਗਰਫ਼ੀ ਲੈਕਚਰਾਰਾਂ ਦੀਆਂ ਅਸਾਮੀਆਂ ਦੇਣ ਦਾ ਹਾਂ ਪੱਖੀ ਹੁੰਗਾਰਾ ਭਰਿਆ ਅਤੇ ਜੌਗਰਫ਼ੀ ਲੈਕਚਰਾਰਾਂ ਦੀਆਂ ਅਸਾਮੀਆਂ ਦੇਣ 'ਤੇ ਵਿਚਾਰ ਹੋਇਆ | ਮੀਟਿੰਗ 'ਚ ਸਹਿਮਤੀ ਬਣੀ ਕਿ 2018 ਤੋਂ ਪਹਿਲਾਂ ਉਨ੍ਹਾਂ ਸਕੂਲਾਂ ਦੇ ਵੇਰਵੇ ਇਕੱਤਰ ਕੀਤੇ ਜਾਣ ਜਿੱਥੇ ਜੌਗਰਫ਼ੀ ਲੈਕਚਰਾਰਾਂ ਦੀਆਂ ਅਸਾਮੀਆਂ ਮਨਜ਼ੂਰ ਸਨ ਤੇ ਵਿਦਿਆਰਥੀ ਪੜ੍ਹਦੇ ਸਨ ਪਰ ਆਸਾਮੀ ਖ਼ਤਮ ਕਰ ਦਿੱਤੀ ਗਈ ਹੈ | ਇਸ ਮੌਕੇ ਦਿਲਬਾਗ ਸਿੰਘ ਲਾਪਰਾਂ ਲੁਧਿਆਣਾ, ਹਰਜੋਤ ਸਿੰਘ ਬਰਾੜ ਫ਼ਰੀਦਕੋਟ, ਮਨਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਸਿੰਘ ਸੰਧੂ ਫ਼ਰੀਦਕੋਟ, ਗੁਰਸੇਵਕ ਸਿੰਘ ਅਨੰਦਪੁਰ ਸਾਹਿਬ, ਤੇਜਵਿੰਦਰ ਸਿੰਘ ਅੰਮਿ੍ਤਸਰ, ਜਸਮੇਲ ਸਿੰਘ ਜਲੰਧਰ, ਸਰਬਜੀਤ ਸਿੰਘ ਸੰਗਰੂਰ, ਤਰਵਿੰਦਰ ਸਿੰਘ ਪਟਿਆਲਾ ਅਤੇ ਪਰਮਜੀਤ ਸਿੰਘ ਮੁਹਾਲੀ ਨੇ ਸ਼ਮੂਲੀਅਤ ਕੀਤੀ |