ਸੁਜਾਨਪੁਰ, 3 ਜੂਨ (ਜਗਦੀਪ ਸਿੰਘ )-ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸੁਜਾਨਪੁਰ ਪੁਲਿਸ ਵਲੋਂ ਦੋ ਵਿਅਕਤੀਆਂ ਕੋਲੋਂ ਵੱਖ-ਵੱਖ ਥਾਵਾਂ 'ਤੇ 12.68 ਗ੍ਰਾਮ ਹੈਰੋਇਨ ਅਤੇ 950 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ | ਜਾਣਕਾਰੀ ਦਿੰਦੇ ਸੁਜਾਨਪੁਰ ਥਾਣਾ ਮੁਖੀ ਮੋਹਿਤ ਟਾਂਕ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਸੁਜਾਨਪੁਰ ਦੇ ਪੁਲ ਨੰਬਰ 4 ਤੋਂ ਪੁਲ ਨੰਬਰ 3 ਵੱਲ ਜਾ ਰਹੀ ਸੀ ਕਿ ਜਦੋਂ ਪੁਲਿਸ ਪਾਰਟੀ ਪੁਲ ਨੰਬਰ ਚਾਰ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਸਾਹਮਣੇ ਇਕ ਵਿਅਕਤੀ ਆ ਰਿਹਾ ਸੀ ਜੋ ਪੁਲਿਸ ਵੱਲ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ, ਜਦੋਂ ਉਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 5.3 ਗ੍ਰਾਮ ਹੈਰੋਇਨ ਅਤੇ 950 ਰੁਪਏ ਡਰੱਗ ਮਨੀ ਬਰਾਮਦ ਕੀਤੀ | ਉਸ ਨੇ ਆਪਣਾ ਨਾਂਅ ਸੁਸ਼ਾਂਕ ਮਹਾਜਨ ਨਿਵਾਸੀ ਕਾਠੂਈ ਬਾਜ਼ਾਰ ਸੁਜਾਨਪੁਰ ਦੱਸਿਆ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਇਕ ਪੁਲਿਸ ਪਾਰਟੀ ਫ਼ਿਰੋਜਪੁਰ ਕਲਾਂ ਦੇ ਨੇੜੇ ਪਹੁੰਚੀ ਤਾਂ ਸਾਹਮਣੇ ਵਾਲੇ ਪਾਸਿਓਾ ਇਕ ਵਿਅਕਤੀ ਪੈਦਲ ਆਉਂਦਾ ਦਿਖਿਆ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ | ਪੁਲਿਸ ਵਲੋਂ ਜਦੋਂ ਉਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 7.38 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਉਸ ਨੇ ਆਪਣਾ ਨਾਂਅ ਅਰੁਣ ਕੁਮਾਰ ਉਰਫ਼ ਜੈਂਟਲ ਵਾਸੀ ਪਿੰਡ ਫ਼ਿਰੋਜ਼ਪੁਰ ਕਲਾਂ ਦੱਸਿਆ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |