ਬਟਾਲਾ, 4 ਜੂਨ (ਸਤਿੰਦਰ ਸਿੰਘ)-ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ (ਰਜਿ.) ਪੰਜਾਬ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮ ਸਬੰਧੀ ਅਹਿਮ ਮੀਟਿੰਗ ਕੌਂਸਲ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਖੁਰਦ ਵਿਖੇ ਕੀਤੀ ਗਈ, ਜਿਸ ਵਿਚ ਕੌਂਸਲ ਦੇ ਸਰਪ੍ਰਸਤ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਭਾਗੋਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਸਬੰਧੀ ਕੌਂਸਲ ਦੇ ਸਕੱਤਰ ਪ੍ਰੋ. ਦਲਜੀਤ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਕੌਂਸਲ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਇਸ ਵਾਰ 27 ਜੂਨ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਖੁਰਦ ਵਿਖੇ ਪੂਰੀ ਸ਼ਰਧਾ ਨਾਲ ਮਨਾਈ ਜਾਵੇਗੀ, ਜਿਸ ਦੀਆਂ ਕੌਂਸਲ ਵਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ | 27 ਜੂਨ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ | ਇਸ ਮੌਕੇ ਬਾਬਾ ਸ਼ਿਵ ਮੁੱਖ ਸੇਵਾਦਾਰ ਗੁਰਦੁਆਰਾ ਬੋਹੜੀ ਸਾਹਿਬ ਛੋਟੇ ਘੁੰਮਣਾ ਵਾਲੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਭਾਈ ਸੁੱਚਾ ਸਿੰਘ ਡੇਰਾ ਪਠਾਣਾ ਦਾ ਕਵੀਸ਼ਰੀ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ, ਜੰਗੀ ਮੁਹਿੰਮਾਂ ਅਤੇ ਖ਼ਾਲਸਾ ਰਾਜ ਸਬੰਧੀ ਬਿਰਤਾਂਤ ਪੇਸ਼ ਕਰਨਗੇ | ਇਸ ਮੌਕੇ ਤਰਜਿੰਦਰ ਸਿੰਘ ਰੰਦੇਵ, ਸਾਬਕਾ ਸਰਪੰਚ ਨਰਿੰਦਰ ਸਿੰਘ ਪੱਡਾ, ਲੈਕਚਰਾਰ ਰਣਜੋਧ ਸਿੰਘ ਮੰਮਣ, ਮਾਸਟਰ ਕੁਲਵਿੰਦਰ ਸਿੰਘ ਪਨੂੰ, ਲੈਕਚਰਾਰ ਹਰਪਾਲ ਸਿੰਘ ਬਟਾਲਾ, ਮਾ. ਦਿਲਬਾਗ ਸਿੰਘ ਪ੍ਰਧਾਨ ਅਧਿਆਪਕ ਦਲ ਗੁਰਦਾਸਪੁਰ, ਗੁਰਦੀਪ ਸਿੰਘ ਸਾਰਚੂਰ, ਦਲਜੀਤ ਸਿੰਘ ਮਾਣਕ, ਹਰਦਿਆਲ ਸਿੰਘ ਅੰਮਿ੍ਤਸਰ, ਹਰਵਿੰਦਰ ਸਿੰਘ ਹੈਪੀ, ਹਰਦੀਪ ਸਿੰਘ ਭੰਗਵਾਂ, ਮਾ. ਕੁਲਦੀਪ ਸਿੰਘ ਜਤਿੰਦਰ ਸਿੰਘ ਤੇ ਹੋਰ ਹਾਜ਼ਰ ਸਨ |