ਕਲਾਨੌਰ, 1 ਸਤੰਬਰ (ਪੁਰੇਵਾਲ)-ਕਲਾਨੌਰ ਖੇਤਰ 'ਚ ਕਿਰਨ ਨਾਲਾ ਸੱਕੀ 'ਚ ਆਏ ਹੜ੍ਹ ਰੂਪੀ ਪਾਣੀ ਨਾਲ ਫਸਲਾਂ ਦੀ ਵੱਡੀ ਤਬਾਹੀ ਹੋਣ ਕਾਰਨ ਮਹਿੰਗੇ ਭਾਅ ਦੀਆਂ ਜ਼ਮੀਨਾਂ ਠੇਕੇ 'ਤੇ ਲੈਣ ਵਾਲੇ, ਜ਼ਮੀਨਾਂ ਦੇ ਮਾਲਕ ਕਿਸਾਨ ਵੱਡੀ ਪ੍ਰੇਸ਼ਾਨੀ 'ਚ ਹਨ | ਕਿਸਾਨਾਂ ਨੂੰ ਪਹਿਲਾਂ ਕਣਕ ਨੂੰ ਅੱਗ ਦਾ ਨੁਕਸਾਨ ਤੇ ਹੁਣ ਕਿਰਨ ਨਾਲਾ ਸੱਕੀ ਦੇ ਪਾਣੀ ਨਾਲੇ ਵੱਡੇ ਫਸਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਅਜੇ ਤੱਕ ਵੀ ਵੀ ਵੱਡੀ ਪੱਧਰ 'ਤੇ ਖੇਤ ਪਾਣੀ ਨਾਲ ਪ੍ਰਭਾਵਿਤ ਹਨ ਤੇ ਕਲਾਨੌਰ ਦੇ ਬਾਹਰਵਾਰ ਕਿਰਨ ਨਾਲੇ ਸੱਕੀ ਨਾਲ ਲਗਦੇ ਮਾਰਗ ਪਾਣੀ 'ਚ ਘਿਰੇ ਹੋਣ ਕਾਰਨ ਕਲਾਨੌਰ ਪ੍ਰਸਾਸ਼ਨ ਵਲੋਂ ਐਨ.ਡੀ.ਆਰ.ਐਫ. ਤੇ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੀਆਂ ਟੀਮਾਂ ਨਾਲ ਕਿਸ਼ਤੀਆਂ 'ਤੇ ਰਾਹਤ ਕਾਰਜ ਕੀਤੇ ਗਏ | ਇਸ ਦੌਰਾਨ ਐਸ.ਡੀ.ਐਮ. ਜਯੋਤਸਨਾ ਸਿੰਘ, ਡੀ.ਐਸ.ਪੀ. ਗੁਰਵਿੰਦਰ ਸਿੰਘ ਚੰਦੀ, ਤਹਿਸੀਲਦਾਰ ਰਜਿੰਦਰ ਸਿੰਘ, ਬੀ.ਡੀ.ਪੀ.ਓ. ਸੁਰਜੀਤ ਸਿੰਘ ਬਰਾੜ ਆਦਿ ਦੀ ਅਗਵਾਈ ਹੇਠ ਬਚਾਓ ਟੀਮਾਂ ਵਲੋਂ ਪਾਣੀ 'ਚ ਘਿਰੇ ਲੋਕਾਂ ਤੱਕ ਪਹੁੰਚ ਕੀਤੀ ਗਈ | ਐਸ.ਡੀ.ਐਮ. ਨੇ ਦੱਸਿਆ ਕਿ 50 ਦੇ ਕਰੀਬ ਲੋਕ ਜੋ ਨਿੱਜੀ ਸਕੂਲ 'ਚ ਫਸੇ ਸਨ, ਉਨ੍ਹਾਂ ਨੂੰ ਸੁਰੱਖਿਅਤ ਕੱਢਿਆ ਗਿਆ | ਇਸੇ ਤਰ੍ਹਾਂ ਵੱਖ-ਵੱਖ ਥਾਵਾਂ 'ਤੇ ਪਿੰਡਾਂ ਅਤੇ ਡੇਰਿਆਂ 'ਤੇ ਫਸੇ ਲੋਕਾਂ ਨੂੰ ਸੁਰੱਖਿਅਤ ਪਹੁੰਚਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਵਿਆਹ ਵਾਲੀ ਲੜਕੀ ਦੇ ਪਰਿਵਾਰ ਨੂੰ ਵੀ ਕਿਸ਼ਤੀਆਂ ਰਾਹੀਂ ਕਲਾਨੌਰ ਲਿਆਂਦਾ ਗਿਆ, ਜਿਸ ਉਪਰੰਤ ਲੜਕੀ ਦੀ ਡੋਲੀ ਤੋਰੀ ਗਈ | ਕਲਾਨੌਰ ਦੇ ਇਕ ਪਿੰਡ 'ਚ ਸੱਪ ਵਲੋਂ ਡੱਸੇ ਤੇ ਗਰਭਵਤੀ ਮਹਿਲਾਵਾਂ ਨੂੰ ਵੀ ਸਬ ਡਵੀਜ਼ਨ ਪ੍ਰਸ਼ਾਸ਼ਨ ਵਲੋਂ ਐਨ.ਡੀ.ਆਰ.ਐਫ. ਦੀ ਟੀਮ ਰਾਹੀਂ ਮੁੱਢਲੀ ਸਹਾਇਤਾ ਦਿੱਤੀ ਗਈ | ਇਸ ਤੋਂ ਇਲਾਵਾ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਦੇ ਅਸਥਾਨ ਤੋਂ ਸੇਵਾਦਾਰ ਐਡਵੋਕੇਟ ਲੋਕਦੀਪ ਸਿੰਘ, ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਵਲੋਂ ਹਰਕੰਵਲ ਸਿੰਘ ਰੰਧਾਵਾ, ਬਲੱਡ ਡੋਨਰਜ਼ ਸੁਸਾਇਟੀ ਵਲੋਂ ਸੁਖਵਿੰਦਰ ਸਿੰਘ ਮੱਲ੍ਹੀ, ਭਾਈ ਅੰਮਿ੍ਤਪਾਲ ਸਿੰਘ ਦੀ ਵਾਰਸ ਪੰਜਾਬ ਦੀ ਟੀਮ, ਕਿਸਾਨ ਤੇ ਜਵਾਨ ਭਲਾਈ ਯੂਨੀਅਨ, ਸਰਬੱਤ ਦਾ ਭਲਾ ਵੈੱਲਫੇਅਰ ਸੁਸਾਇਟੀ ਦੀਨਾਨਗਰ ਆਦਿ ਸਮੇਤ ਦਰਜ਼ਨਾਂ ਜਥੇਬੰਦੀਆਂ ਵਲੋਂ ਰਾਸ਼ਨ ਤੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ |