ਧਾਰੀਵਾਲ, 2 ਸਤੰਬਰ (ਜੇਮਸ ਨਾਹਰ)-ਲਗਾਤਾਰ ਪੈ ਰਹੀਆਂ ਬਰਸਾਤਾਂ ਦੇ ਚੱਲਦਿਆਂ ਜਿੱਥੇ ਹੜ੍ਹਾਂ ਦੀ ਮਾਰ ਨਾਲ ਲੋਕ ਪ੍ਰਭਾਵਿਤ ਹਨ, ਉਥੇ ਹੀ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਦੇ ਚਲਦਿਆਂ ਅੱਜ ਪਿੰਡ ਗੁਰਦਾਸ ਨੰਗਲ ਦੇ ਵਾਸੀ ਕੀਮਤ ਲਾਲ ਪੁੱਤਰ ਧਰਮ ਚੰਦ ਨੇ ਦੱਸਿਆ ਕਿ ਰਾਤ ਸਮੇਂ ਭਾਰੀ ਬਰਸਾਤ ਪੈਣ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਪਈ, ਜਿਸ ਨਾਲ ਉਨ੍ਹਾਂ ਦਾ ਘਰ ਮੀਂਹ ਦੇ ਪਾਣੀ ਨਾਲ ਭਰ ਗਿਆ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਦਾ ਤਾਂ ਬਚਾਅ ਹੈ, ਪਰ ਘਰ ਦਾ ਸਾਰਾ ਸਾਮਾਨ ਛੱਤ ਦੇ ਮਲਬੇ ਹੇਠ ਆ ਜਾਣ 'ਤੇ ਕਾਫ਼ੀ ਨੁਕਸਾਨਿਆ ਗਿਆ ਹੈ | ਉਨ੍ਹਾਂ ਨੇ ਡੀ.ਸੀ. ਗੁਰਦਾਸਪੁਰ ਤੋਂ ਮੰਗ ਕੀਤੀ ਕਿ ਸਾਨੂੰ ਘਰ ਦੀ ਛੱਤ ਪਾਉਣ ਲਈ ਸਾਡੀ ਮਦਦ ਕੀਤੀ ਜਾਏ ਤਾਂ ਜੋ ਸਾਨੂੰ ਭਾਰੀ ਬਰਸਾਤ ਦੇ ਚਲਦਿਆਂ ਰਾਹਤ ਮਿਲ ਸਕੇ | ਉਨ੍ਹਾਂ ਕਿਹਾ ਕਿ ਘਰ ਦੀ ਛੱਤ ਡਿੱਗ ਜਾਣ ਨਾਲ ਉਹ ਵਿਹੜੇ 'ਚ ਤੰਬੂ ਲਾ ਕੇ ਸੌਣ ਲਈ ਮਜਬੂਰ ਹਨ |