ਘੱਲੂਘਾਰਾ ਸਾਹਿਬ, 2 ਸਤੰਬਰ (ਮਿਨਹਾਸ)-ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ਤੇ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ | ਇਹ ਮੰਗ ਕਰਦੇ ਹੋਏ ਮਾ. ਜੌਹਰ ਸਿੰਘ ਸਾਬਕਾ ਵਿਧਾਇਕ ਨੇ ਕੇਂਦਰ ਸਰਕਾਰ ਨੂੰ ਕੁਦਰਤੀ ਆਫ਼ਤ ਪ੍ਰਬੰਧਨ ਤਹਿਤ ਦਿੱਤੇ ਗਏ ਫੰਡ ਤੁਰੰਤ ਜਾਰੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਤੇ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ | ਦਰਿਆਵਾਂ ਦੇ ਕੰਢੇ ਸਥਿਤ ਵੱਖ-ਵੱਖ ਪਿੰਡਾਂ ਦੇ ਲੋਕ ਹੜਾਂ ਦੇ ਪ੍ਰਭਾਵ ਦਾ ਸਾਹਮਣਾ ਕਰ ਰਹੇ ਹਨ | ਇਹ ਹੜ੍ਹ ਪਹਿਲੀ ਵਾਰ ਅਚਾਨਕ ਨਹੀਂ ਆਇਆ ਹੈ, ਜਦੋਂ ਕਿ ਪਿਛਲੇ ਕਈ ਸਾਲਾਂ ਤੋਂ ਦਰਿਆਵਾਂ ਦਾ ਪਾਣੀ ਲਗਾਤਾਰ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ ਤੇ ਲੋਕਾ ਦੇ ਘਰਾਂ, ਜਾਨਵਰਾਂ ਅਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਕਿਹਾ ਕਿ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ | ਸਮੇਂ ਦੀ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਫ਼ਸਲਾਂ ਅਤੇ ਹੋਰ ਪਸ਼ੂਆਂ ਤੇ ਘਰਾਂ ਦੇ ਨੁਕਸਾਨ ਦਾ ਢੱੁਕਵਾਂ ਮੁਆਵਜ਼ਾ ਦੇਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ | ਹਰ ਵਿਭਾਗ ਨੂੰ ਜ਼ਿੰਮੇਵਾਰੀ ਸੌਂਪ ਕੇ ਨੁਕਸਾਨ ਦਾ ਮੁਲਾਂਕਣ ਕਰਨਾ ਚਾਹੀਦਾ ਹੈ | ਕਿਸਾਨਾਂ ਨੂੰ ਤੁਰੰਤ ਚੈੱਕ ਦੇ ਕੇ ਮਦਦ ਕਰਨੀ ਚਾਹੀਦੀ ਹੈ | ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਸ ਦੀ ਉਸਾਰੀ ਲਈ ਫੰਡ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰ ਖਾਣਾ ਖਾਂਦੇ ਰਹਿ ਸਕਣ |