ਊਧਨਵਾਲ, 4 ਸਤੰਬਰ (ਪਰਗਟ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਸ਼ਾਲਾਘਾਯੋਗ ਉਪਰਾਲਾ ਦੱਸਿਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਬਾਈ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਜ਼ੋਨ ਬਾਬਾ ਫ਼ੌਜਾ ਸਿੰਘ ਦੇ ਪ੍ਰਧਾਨ ਕੰਵਲਜੀਤ ਸਿੰਘ ਨੇ ਪਿੰਡ ਪੰਜਗਰਾਈਆਂ ਦੇ ਗੁਰਦੁਆਰਾ ਸਾਹਿਬ ਮੀਟਿੰਗ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਵਿਚ ਹੜ੍ਹਾਂ ਨਾਲ ਬਹੁਤ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ | ਜ਼ਿਲ੍ਹਾ ਗੁਰਦਾਸਪੁਰ ਦੇ ਲਗਭਗ 3 ਲੱਖ ਏਕੜ ਰਕਬਾ ਹੜ੍ਹਾਂ ਦੀ ਮਾਰ ਹੇਠ ਆ ਗਿਆ | ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਹੜ੍ਹ ਪੀੜਤਾਂ ਲਈ ਮੁਆਵਜ਼ਾ ਐਲਾਨਣ ਦੀ ਦੁਚਿੱਤੀ ਵਿਚ ਫਸੀ ਹੈ ਤੇ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ | ਉਨ੍ਹਾਂ ਕਿਹਾ ਕਿ ਸਮਾਂ ਰਹਿੰਦਿਆਂ ਡੀ.ਸੀ. ਗੁਰਦਾਸਪੁਰ ਤੇ ਸਮੁੱਚਾ ਪ੍ਰਸ਼ਾਸਨ ਧਿਆਨ ਦੇ ਦਿੰਦਾ ਹੈ ਤਾਂ ਅੱਜ ਇਹ ਸਥਿਤੀ ਨਾ ਬਣਦੀ | ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਵੱਡੇ ਪੈਕੇਜ ਦਾ ਐਲਾਨ ਕਰਕੇ ਹੜ੍ਹ ਪੀੜਤਾਂ ਦੀ ਮਦਦ ਕਰਕੇ ਮੁੜ ਵਸੇਬਾ ਵੱਲ ਹੱਥ ਵਧਾਇਆ ਜਾਵੇ | ਇਸ ਮੌਕੇ ਕੈਪਟਨ ਗੁਰਨਾਮ ਸਿੰਘ, ਦੀਵਾਨ ਸਿੰਘ, ਸਰਬਜੀਤ ਸਿੰਘ, ਬੂਟਾ ਸਿੰਘ, ਸਰਬਜੀਤ ਸਿੰਘ, ਰਛਪਾਲ ਸਿੰਘ ਆਦਿ ਹਾਜ਼ਰ ਸਨ |