ਤਰਨ ਤਾਰਨ, 4 ਸਤੰਬਰ (ਪਰਮਜੀਤ ਜੋਸ਼ੀ)-ਥਾਣਾ ਗੋਇੰਦਵਾਲ ਦੀ ਪੁਲਿਸ ਨੇ ਕੇਂਦਰੀ ਜੇਲ੍ਹ ਗੋਇੰਦਵਾਲ 'ਚ ਹਵਾਲਾਤੀ ਪਾਸੋਂ ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਹੋਣ 'ਤੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਤਿੰਨ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਗੋਇੰਦਵਾਲ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜੇਲ੍ਹ ਦੀ ਚੈਕਿੰਗ ਦੌਰਾਨ ਵਾਰਡ ਨੰਬਰ 2 ਦੀ ਬੈਰਕ ਨੰਬਰ 4 ਦੀ ਤਲਾਸ਼ੀ ਦੌਰਾਨ ਹਵਾਲਾਤੀ ਜਸਕਰਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗ੍ਰੰਥਗੜ ਪਾਸੋਂ ਇਕ ਟੱਚ ਸਕਰੀਨ ਮੋਬਾਈਲ ਫੋਨ ਸਮੇਤ ਮੋਬਾਈਲ ਚਾਰਜਰ, 2 ਈਅਰਫੋਨ ਅਤੇ ਹਵਾਲਾਤੀ ਅੰਗਰੇਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਉਸਮਾ, ਹਵਾਲਾਤੀ ਅਜੈਦੀਪ ਸਿੰਘ ਪੁੱਤਰ ਪੱਪੂ ਵਾਸੀ ਦਲੇਰ ਪਾਸੋਂ ਇਕ ਕੀਪੈਡ ਮੋਬਾਈਲ ਫੋਨ ਅਤੇ 4 ਕੀਪੈਡ ਮੋਬਾਈਲ ਫੋਨ ਲਵਾਰਿਸ ਹਾਲਤ ਵਿਚ ਬਰਾਮਦ ਹੋਏ ਹਨ | ਥਾਣਾ ਗੋਇੰਦਵਾਲ ਪੁਲਿਸ ਨੇ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ |