ਅੰਮਿ੍ਤਸਰ, 4 ਸਤੰਬਰ (ਜਸਵੰਤ ਸਿੰਘ ਜੱਸ)-ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 364ਵੇਂ ਜਨਮ ਦਿਹਾੜੇ ਨੂੰ ਸਮਰਪਿਤ 26ਵਾਂ ਨਗਰ ਕੀਰਤਨ ਰੂਪੀ ਚੇਤਨਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ 'ਚ ਗੁ: ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ ਆਰੰਭ ਹੋਇਆ | ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਛਤਰ ਛਾਇਆ ਹੇਠ ਅਰੰਭ ਹੋਇਆ ਇਹ ਚੇਤਨਾ ਮਾਰਚ ਅੱਜ ਰਾਤ ਨੂੰ ਸੁਲਤਾਨਪੁਰ ਲੋਧੀ ਵਿਖੇ ਪੁੱਜੇਗਾ | ਟਰੱਸਟ ਦੇ ਚੇਅਰਮੈਨ ਸ: ਜਸਵੰਤ ਸਿੰਘ ਅਤੇ ਜਨਰਲ ਸਕੱਤਰ ਪਾਲ ਸਿੰਘ ਨੇ ਦੱਸਿਆ ਕਿ ਇਸ ਸਾਲਾਨਾ ਨਗਰ ਕੀਰਤਨ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਰਾਜਸਥਾਨ, ਉਤਰਾਖੰਡ ਅਤੇ ਅਤੇ ਟਾਟਾਨਗਰ ਤੋਂ ਵੀ ਸੰਗਤਾਂ ਸ਼ਾਮਿਲ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦਾ ਵੱਡਮੁੱਲਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਇਹ ਚੇਤਨਾ ਮਾਰਚ ਰਾਤ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹੁੰਚੇਗਾ | ਇੱਥੇ ਰਾਤ ਨੂੰ ਰੌਸ਼ਨੀ ਅਤੇ ਅਵਾਜ 'ਤੇ ਆਧਾਰਿਤ ਨਾਟਕ 'ਗੁਰੂ ਕੇ ਬੇਟੇ' ਸੰਗਤਾਂ ਨੂੰ ਦਿਖਾਇਆ ਜਾਵੇਗਾ | 5 ਸਤੰਬਰ ਨੂੰ ਦੀਵਾਨ ਹਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੀ ਸਵੇਰ ਤੋਂ ਦੁਪਹਿਰ ਤੱਕ ਕਥਾ-ਕੀਰਤਨ ਸਮਾਗਮ ਹੋਣਗੇ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਤੋਂ ਇਲਾਵਾ ਟਰੱਸਟ ਦੇ ਸੀਨੀ: ਵਾਇਸ ਚੇਅਰਮੈਨ ਸਵਰਨ ਸਿੰਘ, ਜਨਰਲ ਸਕੱਤਰ ਬੇਅੰਤ ਸਿੰਘ ਭਾਂਬਰੀ, ਵਾਇਸ ਚੇਅਰਮੈਨ ਸਤਪਾਲ ਸਿੰਘ, ਅਜੀਤ ਸਿੰਘ, ਸੁਖਚੈਨ ਸਿੰਘ, ਬਠਿੰਡਾ, ਰਘਬੀਰ ਸਿੰਘ ਬਡੱਲਾ, ਮੁਖਤਿਆਰ ਸਿੰਘ ਮੋਗਾ, ਅਵਤਾਰ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ ਗਿੱਲ ਟਾਟਾ ਨਗਰ, ਬਲਦੇਵ ਸਿੰਘ ਹਰਿਆਣਾ, ਡਾ: ਰੂਪ ਸਿੰਘ ਰਾਜਸਥਾਨ, ਧਿਆਨ ਸਿੰਘ ਦਿੱਲੀ, ਮਾਸਟਰ ਜਗਜੀਤ ਸਿੰਘ ਉਤਰਾਖੰਡ, ਉਂਕਾਰ ਸਿੰਘ ਕਪੂਰਥਲਾ, ਦਲਜੀਤ ਸਿੰਘ ਮਾਨ, ਗੁਰਇਕਬਾਲ ਸਿੰਘ ਕਪੂਰਥਲਾ, ਬਖਸ਼ੀਸ਼ ਸਿੰਘ, ਮੋਹਨ ਸਿੰਘ ਫਤਿਹਗੜ੍ਹ ਸਾਹਿਬ, ਜਸਪਾਲ ਸਿੰਘ ਪਟਿਆਲਾ, ਸੰਤੋਖ ਸਿੰਘ ਗੁਰਦਾਸਪੁਰ, ਚੰਦ ਸਿੰਘ ਬਠਿੰਡਾ, ਮਹਿੰਦਰ ਸਿੰਘ ਸੰਗਰੂਰ, ਗੁਰਚਰਨ ਸਿੰਘ ਜਗਰਾਉਂ, ਹਰਭਜਨ ਸਿੰਘ ਸਮੇਤ ਹੋਰ ਪ੍ਰਮੁਖ ਸ਼ਖਸੀਅਤਾਂ ਤੇ ਸੰਗਤਾਂ ਹਾਜ਼ਰ ਸਨ |