ਅੰਮਿ੍ਤਸਰ, 4 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੱਲਾ ਆੜਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂਵਾਲਾ ਦੀ ਮੀਟਿੰਗ ਪ੍ਰਧਾਨ ਅਮਨਦੀਪ ਸਿੰਘ ਛੀਨਾ ਦੀ ਅਗਵਾਈ ਹੇਠ ਮੰਡੀ ਦੇ ਮੀਟਿੰਗ ਹਾਲ ਵਿਖੇ ਹੋਈ, ਜਿਸ 'ਚ ਝੋਨੇ/ਬਾਸਮਤੀ ਦੇ ਸੀਜ਼ਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਮੰਡੀ 'ਚ ਜਾਮ ਦੀ ਸਮੱਸਿਆ ਨੂੰ ਦੇਖਦੇ ਹੋਇਆਂ ਟਰਾਲੀਆਂ ਦਾ ਮੰਡੀ 'ਚ ਆਉਣ ਦਾ ਸਮਾਂ ਰਾਤ 12 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਅਤੇ ਟਰੱਕਾਂ ਦਾ ਸਮਾਂ ਸਵੇਰੇ 12 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਦਾ ਹੋਵੇਗਾ | ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰਾਂ ਦੀ ਖਾਲੀ ਟਰਾਲੀ ਮੰਡੀ 'ਚੋਂ ਨਾਲੋਂ-ਨਾਲ ਹੀ ਮੰਡੀ ਬਾਹਰ ਕਢਵਾ ਦਿੱਤੀ ਜਾਵੇ | ਇਸ ਦੌਰਾਨ ਉਨ੍ਹਾਂ ਟਰੇਡਰਾਂ ਨੂੰ ਬੇਨਤੀ ਹੈ ਕਿ ਸਮੇਂ ਤੋਂ ਪਹਿਲਾਂ ਮੰਡੀ 'ਚ ਖਾਲੀ ਟਰੱਕ ਖੜਾ ਨਾ ਕੀਤਾ ਜਾਵੇ | ਛੀਨਾ ਨੇ ਕਿਹਾ ਕਿ ਜੇਕਰ ਕਿਸੇ ਆੜ੍ਹਤੀ ਦੀ ਖਾਲੀ ਟਰਾਲੀ ਸਮੇਂ ਤੋਂ ਬਾਅਦ ਮੰਡੀ 'ਚ ਰਹਿੰਦੀ ਹੈ ਤਾਂ ਉਸ ਤੋਂ 1000 ਰੁਪਏ ਜੁਰਮਾਨਾ ਮੌਕੇ 'ਤੇ ਵਸੂਲ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਟਰੇਡਰ ਦਾ ਖਾਲੀ ਟਰੱਕ ਸਮੇਂ ਤੋਂ ਪਹਿਲਾਂ ਮੰਡੀ 'ਚ ਰਹਿੰਦਾ ਹੈ ਤਾਂ ਉਸ ਨੂੰ 2000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ | ਛੀਨਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ ਮੌਜੂਦਾਂ ਹਾਲਾਤਾਂ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦੇ ਹੋਏ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਬੀੜਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨ ਅਤੇ ਆੜਤੀ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਅਜਿਹੇ 'ਚ ਜਦੋਂ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ, ਖੇਤਾਂ 'ਚ ਦਰਿਆਈ ਪਾਣੀਆਂ ਨੇ ਵੱਡੀ ਮਾਰ ਮਾਰੀ ਹੈ ਤਾਂ ਆੜਤੀ ਵਰਗ ਕਿਸਾਨਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਲੋੜੀਂਦੇ ਕਦਮ ਚੁੱਕ ਰਿਹਾ ਹੈ | ਇਸ ਮੌਕੇ ਜਨਰਲ ਸਕੱਤਰ ਗੁਰਭਿੰਦਰ ਸਿੰਘ ਮੰਮਣਕੇ, ਖ਼ਜ਼ਾਨਚੀ ਗੁਰਦੇਵ ਸਿੰਘ, ਵਰਿੰਦਰ ਸਿੰਘ ਸਰਪੰਚ ਜਰਨੈਲ ਸਿੰਘ ਬਾਠ, ਨਰਿੰਦਰ ਸਿੰਘ ਨਾਮਧਾਰੀ, ਸਤਨਾਮ ਸਿੰਘ ਧੌਲ, ਵੀਨੂ ਅਰੋੜਾ, ਲੱੱਖਾ ਮਹਿਮਾ, ਹਰਪਾਲ ਸਿੰਘ ਖਾਲਸਾ, ਕੰਵਰਪ੍ਰੀਤ ਮਿੰਟੂ, ਕਿੰਦਾ ਮੁੰਧ ਆਦਿ ਹਾਜ਼ਰ ਸਨ |