ਕੋਟਲੀ ਸੂਰਤ ਮੱਲ੍ਹੀ, 4 ਸਤੰਬਰ (ਕੁਲਦੀਪ ਸਿੰਘ ਨਾਗਰਾ)-ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਡੇਰਾ ਪਠਾਣਾ 'ਚ ਲਗਾਏ ਗਏ ਰਾਹਤ ਕੈਂਪ 'ਚ ਅੱਜ ਦੇਰ ਸ਼ਾਮ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ, ਜਥੇਦਾਰ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ ਪੰਚਕੂਲਾ, ਜਥੇਦਾਰ ਸ਼ਿਕੰਦਰ ਸਿੰਘ, ਗਿਆਨੀ ਜਗਜੀਤ ਸਿੰਘ ਹੈਡ ਗ੍ਰੰਥੀ ਨਾਢਾ ਸਾਹਿਬ ਸਮੇਤ ਹਰਿਆਣੇ ਦੀਆਂ ਸੰਗਤਾਂ ਹੜ੍ਹ ਪ੍ਰਭਾਵਤ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੀਆ | ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਸਮੇਤ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕੁਦਰਤੀ ਕਰੋਪੀ ਦੇ ਬਾਵਜੂਦ ਲੋਕ ਚੜ੍ਹਦੀ ਕਲਾ 'ਚ ਹਨ | ਉਨ੍ਹਾਂ ਕਿਹਾ ਕਿ ਬਹੁਤ ਦੁਖਦ ਸਮਾਂ ਹੈ ਤੇ ਹੜ੍ਹ ਦੇ ਪਾਣੀ ਨੇ ਘਰਾਂ 'ਚ ਬੈਠੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫ਼ਤ ਸਮੇਂ ਸਾਰੇ ਆਪਣਾ ਫ਼ਰਜ਼ ਸਮਝਦੇ ਹੋਏ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਤੇ ਹਰਿਆਣੇ ਦੀਆਂ ਸੰਗਤਾਂ ਵੀ ਰਾਹਤ ਸਮੱਗਰੀ, ਦਵਾਈਆਂ, ਤਰਪਾਲਾ, ਪਸ਼ੂਆਂ ਦਾ ਚਾਰਾ ਤੇ ਹੋਰ ਲੋਕਾਂ ਲਈ ਲੋੜੀਂਦੀਆਂ ਵਸਤਾਂ ਲੈ ਕੇ ਪਹੁੰਚੀਆਂ ਹਨ | ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਗਏ ਰਾਹਤ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਲੋਕਾਂ ਨੂੰ ਹੋਰ ਵਧੇਰੇ ਰਾਹਤ ਦੇ ਲੋੜ ਮਹਿਸੂਸ ਹੋਣੀ ਹੈ, ਜਿਸ ਕਰਕੇ ਇਹ ਕੈਂਪ ਮਹੀਨਿਆਂ ਬੰਦੀ ਚੱਲਣਾ ਹੈ | ਉਨ੍ਹਾਂ ਸਾਰੀਆਂ ਧਾਰਮਿਕ, ਸਮਾਜਿਕ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਕੜੇ ਹੋ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਤੇ ਕੈਂਪਾਂ 'ਚ ਪਹੁੰਚ ਕੇ ਆਪਣੇ ਹੱਥੀਂ ਲੋਕਾਂ ਦੀ ਸੇਵਾ ਕਰਨ | ਇਸ ਉਪਰੰਤ ਜਥੇਦਾਰ ਦਾਦੂਵਾਲ ਸਮੇਤ ਸੰਗਤਾਂ ਨੇ ਨੇੜਲੇ ਪਿੰਡ ਰਣਸੀਕਾ ਤੱਲਾ 'ਚ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਗਏ ਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਮਨਜੀਤ ਸਿੰਘ ਭੋਮਾ, ਮਨਪ੍ਰੀਤ ਸਿੰਘ ਢਿਲੋਂ, ਪੂਰਨ ਸਿੰਘ, ਸਵਿੰਦਰ ਸਿੰਘ ਨਾਗਰਾ, ਬੂਟਾ ਸਿੰਘ, ਸੁਖਵਿੰਦਰ ਸਿੰਘ ਮੱਲ੍ਹੀ, ਜਸਪਾਲ ਸਿੰਘ ਮੱਲ੍ਹੀ, ਗੁਰਭੇਜ ਸਿੰਘ ਗਿੱਲ, ਰਣਜੀਤ ਸਿੰਘ ਮੱਲ੍ਹੀ, ਨਿਸ਼ਾਨ ਸਿੰਘ ਬਾਠ, ਸ਼ਰਨਜੀਤ ਸਿੰਘ, ਕਾਮਰੇਡ ਮਨਜੀਤ ਸਿੰਘ ਰਾਉਵਾਲ ਆਦਿ ਹਾਜ਼ਰ ਸਨ |