ਗੁਰਦਾਸਪੁਰ, 4 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਬੇਟ ਇਲਾਕੇ ਦੇ ਮੰਡ 'ਚ ਦਰਿਆ ਬਿਆਸ ਦੇ ਪਾਣੀ ਨੇ ਕਾਫ਼ੀ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਬੇਟ ਇਲਾਕੇ ਦੇ ਮੰਡ ਖੇਤਰ 'ਚ ਲੋਕਾਂ ਦੀ ਸਾਰ ਲੈਣ ਲਈ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਪਹੁੰਚਾ ਤੇ ਨਾ ਹੀ ਕਿਸੇ ਮੰਤਰੀ ਵਲੋਂ ਪਹੁੰਚ ਕੀਤੀ ਗਈ | ਜਿਸ ਕਰਕੇ ਇਸ ਖੇਤਰ ਦੇ ਲੋਕਾਂ ਅੰਦਰ ਪ੍ਰਸ਼ਾਸਨ ਤੇ ਸਰਕਾਰ ਦੇ ਮੰਤਰੀਆਂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਬੇਟ ਇਲਾਕੇ ਦੇ ਕਿਸਾਨਾਂ ਦੀਆਂ ਜ਼ਿਆਦਾਤਰ ਫ਼ਸਲਾਂ ਦਰਿਆ ਮੰਡ ਵਿਚ ਹਨ ਤੇ ਬਾਕੀ ਪਿੰਡ ਦਰਿਆ ਬਿਆਸ ਦੀ ਧੁੱਸੀ ਤੋਂ ਕਾਫ਼ੀ ਨੀਵੇਂ ਹਨ, ਜਿਥੇ ਬਰਸਾਤਾਂ ਦਾ ਪਾਣੀ ਕਈ ਕਈ ਦਿਨ ਇਕੱਠਾ ਰਹਿੰਦਾ ਹੈ, ਜਿਸ ਨਾਲ ਮੱਖੀਆਂ, ਮੱਛਰ ਤੇ ਹੋਰ ਕੀੜੇ ਮਕੌੜਿਆਂ ਦੀ ਭਰਮਾਰ ਹੋ ਗਈ ਹੈ ਤੇ ਕਈ ਲੋਕ ਭਿਆਨਕ ਬਿਮਾਰੀਆਂ ਦੀ ਗਿ੍ਫ਼ਤ 'ਚ ਫਸ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਕੋਈ ਵੀ ਮੈਡੀਕਲ ਟੀਮ ਨਹੀਂ ਪਹੁੰਚੀ ਤੇ ਨਾ ਹੀ ਪਾਣੀ ਦੇ ਨਿਕਾਸ ਲਈ ਕਿਸੇ ਨੇ ਉਪਰਾਲਾ ਕੀਤਾ | ਉਨ੍ਹਾਂ ਦੱਸਿਆ ਕਿ 2023 'ਚ ਆਏ ਹੜ੍ਹਾਂ ਕਾਰਨ ਇਲਾਕੇ ਦੇ ਕਿਸਾਨਾਂ ਤੇ ਆਮ ਜਨਤਾ ਦਾ ਦਰਿਆ ਦੀ ਧੁੱਸੀ ਟੁੱਟਣ ਕਾਰਨ ਕਾਫ਼ੀ ਨੁਕਸਾਨ ਹੋਣ ਦੇ ਨਾਲ ਨਾਲ ਰਵਾਇਤੀ ਫ਼ਸਲਾਂ ਵੀ ਮਰ ਗਈਆਂ ਸਨ | ਜਿਸ ਦਾ ਅਜੇ ਤੱਕ ਕਿਸੇ ਨੰੂ ਸਰਕਾਰ ਵਲੋਂ ਕੋਈ ਮੁਆਵਜ਼ਾ ਨਹੀਂ ਮਿਲਿਆ | ਜਿਸ ਕਰਕੇ ਵੀ ਲੋਕਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਹੈ | ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਦਰਿਆ ਬਿਆਸ ਦੇ ਮੰਡ ਖੇਤਰ ਦੇ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਨੰੂ ਦੇਖਦਿਆਂ ਵਿਸ਼ੇਸ਼ ਸਰਵੇਖਣ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮੰਤਰੀਆਂ ਨੰੂ ਭੇਜਿਆ ਜਾਵੇ, ਜਿਸ ਨਾਲ ਉਨ੍ਹਾਂ ਨੰੂ ਵੀ ਪਤਾ ਲੱਗ ਸਕੇ ਕਿ ਇਸ ਖੇਤਰ ਅੰਦਰ ਲੋਕਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ |