ਗੁਰਦਾਸਪੁਰ, 4 ਸਤੰਬਰ (ਚੱਕਰਾਜਾ)-ਬੀਤੇ ਦਿਨ ਆਏ ਹੜ੍ਹ ਕਾਰਨ ਪਾਵਰਕਾਮ ਉਪ ਮੰਡਲ ਦਫ਼ਤਰ ਦੋਰਾਂਗਲਾ ਦੀ ਬਿਲਡਿੰਗ ਅੰਦਰ ਪਾਣੀ ਵੜਨ ਕਾਰਨ ਜਿਥੇ ਬਿਲਡਿੰਗ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਬਹੁਤ ਸਾਰਾ ਜ਼ਰੂਰੀ ਰਿਕਾਰਡ ਵੀ ਪਾਣੀ 'ਚ ਡੁੱਬਣ ਕਾਰਨ ਬੁਰੀ ਤਰ੍ਹਾਂ ਬਰਬਾਦ ਹੋ ਗਿਆ | ਇਸ ਸਬੰਧੀ ਅੱਜ ਐਸ.ਡੀ.ਓ ਦੋਰਾਂਗਲਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਿਥੇ ਦਫ਼ਤਰ ਅੰਦਰ ਮੀਟਰਾਂ ਸਬੰਧੀ ਆਈਆਂ ਫਾਈਲਾਂ ਅਤੇ ਹੋਰ ਰਿਕਾਰਡ, ਮੀਟਰ ਕਲਰਕਾਂ ਦੇ ਦਫ਼ਤਰ 'ਚ ਬਹੁਤ ਜ਼ਰੂਰੀ ਦਸਤਾਵੇਜ਼, ਪਿਛਲਾ ਰਿਕਾਰਡ ਪਾਣੀ ਕਾਰਨ ਬੁਰੀ ਤਰ੍ਹਾਂ ਬਰਬਾਦ ਹੋ ਗਿਆ, ਉੱਥੇ ਬਿਲਡਿੰਗ ਨੰੂ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਛੱਤਾਂ ਤੋਂ ਪਾਣੀ ਪੈਣ ਕਾਰਨ ਕਮਰਿਆਂ ਵਿਚ ਬੈਠਣਾ ਔਖਾ ਹੋਇਆ ਪਿਆ ਹੈ, ਕੰਧਾਂ ਨੰੂ ਆਈਆਂ ਤਰੇੜਾਂ ਕਾਰਨ ਕਮਰੇ ਡਿੱਗਣ ਦੀ ਕਗਾਰ 'ਤੇ ਹਨ | ਇੱਥੋਂ ਤੱਕ ਕਿ ਦਫ਼ਤਰ ਦੀ ਚਾਰਦੀਵਾਰੀ ਵੀ ਕਈ ਥਾਵਾਂ ਤੋਂ ਡਿੱਗ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਰਿਕਾਰਡ ਗਿੱਲਾ ਹੋ ਕੇ ਖ਼ਰਾਬ ਹੋ ਜਾਣ ਕਾਰਨ ਦਫ਼ਤਰੀ ਮੁਲਾਜ਼ਮਾਂ ਨੰੂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ |