ਗੁਰਦਾਸਪੁਰ, 5 ਸਤੰਬਰ (ਚੱਕਰਾਜਾ)-ਪੰਥਕ ਅਕਾਲੀ ਲਹਿਰ ਦੀ ਮੀਟਿੰਗ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰਦਾਸਪੁਰ ਵਿਖੇ ਹੋਈ | ਜਿਸ ਵਿਚ ਪੰਥਕ ਅਕਾਲੀ ਲਹਿਰ ਦੇ ਮੁੱਖ ਬੁਲਾਰੇ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵੇਲ ਸਿੰਘ ਸਹਾਏਪੁਰ, ਜ਼ਿਲ੍ਹਾ ਜਨਰਲ ਸਕੱਤਰ ਰਣਜੀਤ ਸਿੰਘ ਖ਼ਾਲਸਾ, ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ ਡੱਲਾ, ਰਜਿੰਦਰ ਸਿੰਘ ਜਾਂਗਲਾ, ਜੋਗਿੰਦਰ ਸਿੰਘ ਨਾਨੋਵਾਲੀਆ, ਬਲਵਿੰਦਰ ਸਿੰਘ, ਬਲਬੀਰ ਸਿੰਘ ਖਹਿਰਾ, ਬੀਬੀ ਸੁਖਵਿੰਦਰ ਕੌਰ ਬਾਜਵਾ, ਕੁਲਦੀਪ ਸਿੰਘ ਕਲਾਨੌਰ, ਭਾਈ ਜੀਤ ਸਿੰਘ ਤੇ ਜਗਬੀਰ ਸਿੰਘ ਪਾਹ ਆਦਿ ਆਗੂ ਹਾਜ਼ਰ ਹੋਏ | ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਿੰਡ ਅੰਦਰ ਪਰਿਵਾਰਾਂ ਦੀ ਤੁਰੰਤ ਲੋੜ ਲਈ ਰਾਹਤ ਕੈਂਪ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ | ਇਹ ਰਾਹਤ ਕੈਂਪ ਹਰਦੋਛੰਨੀਆਂ ਰੋਡ 'ਤੇ ਵਰਸੋਲਾ ਤੇ ਕਲਾਨੌਰ ਵਿਖੇ ਖੋਲ੍ਹੇ ਗਏ | ਇਸ ਮੌਕੇ ਰਵੇਲ ਸਿੰਘ ਸਹਾਏਪੁਰ ਅਤੇ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਇਨ੍ਹਾਂ ਹੜ੍ਹਾਂ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਫ਼ਰਜ਼ ਬਣਦਾ ਹੈ | ਉਨ੍ਹਾਂ ਸਿੱਖ ਜਥੇਬੰਦੀਆਂ ਨੰੂ ਅਪੀਲ ਕੀਤੀ ਕਿ ਇਸ ਆਫ਼ਤ ਦੀ ਘੜੀ ਵਿਚ ਵੱਧ ਤੋਂ ਵੱਧ ਸਿੱਖ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਾਡੀ ਕੌਮ ਤੇ ਪੰਥ ਚੜ੍ਹਦੀ ਕਲਾ ਵਿਚ ਆਪਣੀਆਂ ਸੇਵਾਵਾਂ ਨਿਭਾਅ ਸਕੇ |