ਗੁਰਦਾਸਪੁਰ, 5 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚਾਵਾ ਤੇ ਨਵਾਂ ਨੌਸ਼ਹਿਰਾ ਦੇ ਸ੍ਰੀ ਰਾਮ ਮੰਦਿਰ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਿਰ ਕਮੇਟੀ ਵਲੋਂ ਸ੍ਰੀ ਰਾਧਾ ਅਸ਼ਟਮੀ ਸ਼ਰਧਾ ਪੂਰਵਕ ਮਨਾਈ ਗਈ | ਇਸ ਮੌਕੇ ਸ੍ਰੀ ਸਨਾਤਨ ਜਾਗਰਨ ਮੰਚ ਗੁਰਦਾਸਪੁਰ ਦੇ ਸ਼ਰਧਾਲੂਆਂ ਦਾ ਵੱਡਾ ਯੋਗਦਾਨ ਰਿਹਾ | ਇਸ ਸਬੰਧੀ ਪ੍ਰਧਾਨ ਰਾਜੇਸ਼ ਮਨਹਾਸ, ਖ਼ਜ਼ਾਨਚੀ ਬਲਵਿੰਦਰ ਸਿੰਘ ਪਠਾਨੀਆ, ਮੰਗਾ ਮਨਹਾਸ, ਪੁਸ਼ਪਿੰਦਰ ਸਿੰਘ ਕਾਟਲ, ਅਜੇ ਸੂਰੀ, ਵਿਜੇ ਸਲਾਰੀਆ, ਡਾ: ਗੁਲਸ਼ਨ ਕਾਟਲ, ਨਰੇਸ਼ ਮਨਹਾਸ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਸ੍ਰੀ ਸਨਾਤਨ ਜਾਗਰਨ ਮੰਚ ਗੁਰਦਾਸਪੁਰ ਦੀ ਟੀਮ ਨੰੂ ਉਚੇਚੇ ਤੌਰ 'ਤੇ ਬੁਲਾਇਆ ਗਿਆ ਹੈ, ਜਿਨ੍ਹਾਂ 'ਚ ਪ੍ਰਧਾਨ ਪਵਨ ਸ਼ਰਮਾ, ਸਰਪ੍ਰਸਤ ਰਵੀ, ਮੈਂਬਰ ਰਾਜੇਸ਼ ਅਗਰਵਾਲ, ਦੀਪਕ ਸ਼ਰਮਾ, ਵਿਕਾਸ ਅਗਰਵਾਲ, ਸੰਜੀਵ ਸ਼ਰਮਾ ਤੇ ਮਨਦੀਪ ਸ਼ਰਮਾ, ਮੰਚ ਦੇ ਪ੍ਰਸਿੱਧ ਗਾਇਕ ਪੁਨੀਤ ਸਾਗਰ ਤੇ ਪਵਨ ਕੁਮਾਰ ਨੇ ਤਿੰਨ ਘੰਟੇ ਸਤਿਸੰਗ ਕਰਕੇ ਸੰਗਤਾਂ ਨੰੂ ਸ੍ਰੀ ਰਾਧਾ ਕ੍ਰਿਸ਼ਨ ਦੀ ਭਗਤੀ 'ਚ ਲੀਨ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਸ੍ਰੀ ਰਾਧਾ ਦਾ ਜਨਮ ਅਸ਼ਟਮੀ ਤੋਂ 15 ਦਿਨ ਬਾਅਦ ਬਰਸਾਨਾ ਵਿਖੇ ਹੋਇਆ ਸੀ ਅਤੇ ਉਸ ਸਮੇਂ ਸ਼ਰਧਾਲੂਆਂ ਨੇ ਬਹੁਤ ਖੁਸ਼ੀ ਮਨਾਈ ਸੀ | ਉਨ੍ਹਾਂ ਦੇ ਜਨਮ ਦਿਨ ਮੌਕੇ ਫੁੱਲਾਂ ਦੀ ਵਰਖਾ ਕੀਤੀ ਤੇ ਪ੍ਰਸ਼ਾਦ ਵੰਡਿਆ ਗਿਆ ਸੀ | ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਜਾਗਰਨ ਮੰਚ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਅੱਗੇ ਰਹਿੰਦਾ ਤੇ ਕਈ ਬਿਮਾਰ ਬੱਚੇ ਜੋ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ, ਉਨ੍ਹਾਂ ਦੀ ਜਾਨ ਬਚਾਈ ਹੈ ਤੇ ਹੁਣ ਪੰਜਾਬ ਅੰਦਰ ਆਏ ਹੜ੍ਹਾਂ ਨੇ ਪਿੰਡਾਂ ਅੰਦਰ ਜੋ ਤਬਾਹੀ ਮਚਾਈ ਹੈ, ਉਸ ਲਈ ਵੀ ਮੰਚ ਵਲੋਂ ਲੋੜਵੰਦਾਂ ਲਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ | ਅੰਤ ਵਿਚ ਕਮੇਟੀ ਵਲੋਂ ਧਾਰਮਿਕ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ |