ਗੁਰਦਾਸਪੁਰ, 5 ਸਤੰਬਰ (ਅਸ਼ੋਕ ਸ਼ਰਮਾ)-ਭਾਰਤ-ਪਾਕਿ ਵੰਡ ਤੋਂ ਪਹਿਲਾਂ ਚੱਲਦਾ ਨਵਾਂ ਪਿੰਡ ਦਾ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਹੋ ਨਿੱਬੜਿਆ | ਇਸ ਵਾਰ ਮੇਲਾ ਕਮੇਟੀ ਵਲੋਂ ਹੜ੍ਹਾਂ ਦੇ ਪ੍ਰਕੋਪ ਕਾਰਨ ਸੱਭਿਆਚਾਰਕ ਮੇਲਾ ਮੁਲਤਵੀ ਕਰਨ ਦੇ ਬਾਵਜੂਦ ਰਵਾਇਤੀ ਖੇਡਾਂ ਵੇਖਣ ਵਿਚ ਇਲਾਕੇ ਦੇ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ | ਇਸ ਸਬੰਧੀ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਜੱਜ, ਪ੍ਰਧਾਨ ਮਨਜਿੰਦਰ ਸਿੰਘ, ਮਨਜੀਤ ਸਿੰਘ ਸੰਨ੍ਹੀ, ਮੀਤ ਪ੍ਰਧਾਨ ਮਨਜਿੰਦਰ ਸਿੰਘ, ਬਲਕਾਰ ਸਿੰਘ ਮੈਂਬਰ, ਲਖਵਿੰਦਰ ਸਿੰਘ ਮੈਂਬਰ, ਹਰਜਿੰਦਰ ਸਿੰਘ, ਤਰਸੇਮ ਸਿੰਘ ਨੇ ਦੱਸਿਆ ਕਿ ਇਹ ਛਿੰਝ ਮੇਲਾ ਪਿੰਡ ਵਾਸੀਆਂ ਤੇ ਖ਼ਾਸ ਕਰਕੇ ਸ਼ਹੀਦ ਬੀਬੀ ਸੁੰਦਰੀ ਕੌਰ ਐਨ.ਆਰ.ਆਈ ਯੂਥ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ | ਮੇਲੇ ਵਿਚ ਪਹਿਲੇ ਦਿਨ ਘੋਲ ਤੇ ਕਬੱਡੀ ਦੇਖਣਯੋਗ ਸੀ | ਜਿਸ ਵਿਚ ਚੰਗੇ ਪਹਿਲਵਾਨਾਂ ਨੇ ਜੌਹਰ ਦਿਖਾ ਕੇ ਚੰਗੇ ਇਨਾਮ ਪ੍ਰਾਪਤ ਕੀਤੇ | ਮੇਲੇ ਦੇ ਦੂਜੇ ਦਿਨ ਮਾਰਕੀਟ ਕਮੇਟੀ ਦੀਨਾਨਗਰ ਦੇ ਚੇਅਰਮੈਨ ਤੇ ਸਰਪੰਚ ਪੁਰਾਣਾ ਸ਼ਾਲਾ ਬਲਜੀਤ ਸਿੰਘ ਖ਼ਾਲਸਾ ਮੁੱਖ ਮਹਿਮਾਨ ਵਜੋਂ ਪਹੁੰਚੇ | ਦੂਜੇ ਦਿਨ ਮਾਲੀ ਦੀ ਕੁਸ਼ਤੀ ਪਹਿਲਵਾਨ ਜੱਸਾ ਪੱਟੀ ਤੇ ਸੋਨੰੂ ਕਾਂਗੜਾ ਵਿਚਕਾਰ 30 ਮਿੰਟ ਦੇ ਕਰੀਬ ਚੱਲੀ ਅਤੇ ਅਖੀਰ ਵਿਚ ਜੱਸਾ ਪੱਟੀ ਨੇ ਕਿੰਨੂ ਨੂੰ ਚਿੱਤ ਕਰਕੇ ਮਾਲੀ ਦੀ ਕੁਸ਼ਤੀ ਆਪਣੇ ਨਾਂਅ ਕਰ ਲਈ | ਕਬੱਡੀ ਟੀਮਾਂ ਵਿਚ ਬਾਰਠ ਸਾਹਿਬ ਯੂਥ ਕਲੱਬ ਤੇ ਹੁਸ਼ਿਆਰਪੁਰ ਦੀ ਟੀਮ ਵਿਚਕਾਰ ਹੋਏ ਫਸਵੇਂ ਮੁਕਾਬਲੇ ਵਿਚੋਂ ਬਾਰਠ ਸਾਹਿਬ ਦੀ ਟੀਮ ਪਹਿਲੇ ਨੰਬਰ 'ਤੇ ਰਹੀ | ਸੁਰਿੰਦਰ ਸਿੰਘ ਜੱਜ ਸਰਪੰਚ ਤੇ ਮੇਲਾ ਕਮੇਟੀ ਨੇ ਦੱਸਿਆ ਕਿ ਜੇਤੂ ਪਹਿਲਵਾਨ ਜੱਸਾ ਭੱਟੀ ਨੂੰ ਨਵਾਂ ਸਪਲੈਂਡਰ ਮੋਟਰਸਾਈਕਲ ਤੇ ਨਕਦ ਇਨਾਮ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੇ ਪਹਿਲਵਾਨ ਨੂੰ 50 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ | ਇਸੇ ਤਰ੍ਹਾਂ ਕਬੱਡੀ 'ਚੋਂ ਜੇਤੂ ਬਾਰਠ ਸਾਹਿਬ ਟੀਮ ਨੂੰ ਚੰਗਾ ਚੋਖਾ ਇਨਾਮ ਦਿੱਤਾ ਗਿਆ | ਚੇਅਰਮੈਨ ਬਲਜੀਤ ਸਿੰਘ ਖ਼ਾਲਸਾ ਤੇ ਸਰਪੰਚ ਸੁਰਿੰਦਰ ਸਿੰਘ ਜੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਲੇ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ ਨਾਲ ਖੇਡਾਂ ਨਾਲ ਜੋੜਨਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਛੇੜੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿੰਡ ਅੰਦਰ ਲੋਕਾਂ ਨੂੰ ਨਸ਼ਾ ਖਤਮ ਕਰਨ ਲਈ ਲਾਮਬੱਦ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਅਖੀਰ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ |