ਧਾਰਕਲਾਂ, 5 ਸਤੰਬਰ (ਨਰੇਸ਼ ਪਠਾਨੀਆ)-ਧਾਰ ਬਲਾਕ ਅਧੀਨ ਪੈਂਦੇ ਪਿੰਡ ਢਾਂਗੂ ਸੁਰਾਹ ਦਾ ਇਕ ਹੋਰ ਕੱਚਾ ਮਕਾਨ ਭਾਰੀ ਮੀਂਹ ਦੀ ਭੇਟ ਚੜ੍ਹ ਗਿਆ | ਪਿੰਡ ਦੇ ਮੁਹੱਲਾ ਅਰਨਿਆਂ ਦੇ ਇਕ ਗਰੀਬ ਪਰਿਵਾਰ ਦੇ ਪੀੜਤ ਮੁਖੀ ਸੋਹਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਰਿਵਾਰ ਪਤਨੀ ਕੋਸ਼ਲਾ ਰਾਣੀ, ਪੋਤਰਾ ਭਾਰਗਵ ਸਮੇਤ ਘਰ ਦੇ ਅੰਦਰ ਸੁੱਤੇ ਹੋਏ ਸਨ ਕਿ ਅਚਾਨਕ ਕੱਚੇ ਮਕਾਨ ਦੀ ਛੱਤ ਪੱਥਰ ਦੇ ਸਲੇਟ ਖਿਸਕ ਕੇ ਡਿੱਗਣ ਲੱਗ ਪਏ | ਉਹ ਪਰਿਵਾਰ ਸਮੇਤ ਤੇਜ਼ੀ ਨਾਲ ਘਰ ਤੋਂ ਬਾਹਰ ਆ ਗਏ ਤਾਂ ਦੇਖਿਆ ਕਿ ਮਕਾਨ ਦੀ ਛੱਤ ਅਤੇ ਦੀਵਾਰਾਂ ਟੁੱਟਣ ਲੱਗ ਪਈਆਂ | ਰੱਬ ਦਾ ਸ਼ੁਕਰ ਕਿ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ | ਅਚਾਨਕ ਸਾਰੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਸਾਰਾ ਮਕਾਨ ਪੂਰੀ ਤਰ੍ਹਾਂ ਨਾਲ ਢਹਿ ਗਿਆ | ਮਕਾਨ ਡਿੱਗਣ ਨਾਲ ਘਰ ਦਾ ਸਾਰਾ ਸਮਾਨ ਘਰ ਦੇ ਮਲਬੇ ਥੱਲੇ ਦੱਬਿਆ ਗਿਆ | ਜਿਸ ਦੀ ਜਾਣਕਾਰੀ ਉਨ੍ਹਾਂ ਪਿੰਡ ਦੇ ਸਰਪੰਚ ਵੀਰ ਸਿੰਘ ਅਤੇ ਵਾਰਡ ਮੈਂਬਰ ਉਤਮ ਸਿੰਘ ਨੰੂ ਦਿੱਤੀ | ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੰੂ ਮਾਲੀ ਸਹਾਇਤਾ ਦਿੱਤੀ ਜਾਵੇ, ਤਾਂ ਜੋ ਆਪਣੇ ਘਰ ਦਾ ਨਵ ਨਿਰਮਾਣ ਕਰ ਸਕਣ |