ਕੋਟਲੀ ਸੂਰਤ ਮੱਲ੍ਹੀ, 6 ਸਤੰਬਰ (ਕੁਲਦੀਪ ਸਿੰਘ ਨਾਗਰਾ)-ਭਾਰੀ ਬਰਸਾਤ ਕਰ ਕੇ ਮੀਂਹ ਦੇ ਪਾਣੀ ਦੇ ਤੇਜ਼ ਵਹਾਅ ਨਾਲ ਪਿਛਲੇ ਦਿਨਾਂ 'ਚ ਕਸਬਾ ਕੋਟਲੀ ਸੂਰਤ ਮੱਲ੍ਹੀ-ਕਲਾਨੌਰ ਰੋਡ 'ਤੇ ਪਿੰਡ ਵੜੈਚ ਨੇੜੇ ਸੜਕ ਵਿਚ ਦੋ-ਤਿੰਨ ਜਗ੍ਹਾ ਉਪਰ ਪਏ ਵੱਡੇ ਪਾੜ ਨੂੰ ਅੱਜ ਪਿੰਡ ਅਠਵਾਲ, ਦੇਹੜ੍ਹ ਗਵਾਰ ਦੇ ਨੌਜਵਾਨਾਂ ਨੇ ਜੇ.ਸੀ.ਬੀ. ਮਸ਼ੀਨ ਤੇ ਟਰੈਕਟਰ-ਟਰਾਲੀਆਂ ਲਗਾ ਕੇ ਭਰ ਦਿੱਤਾ ਹੈ, ਜਿਸ ਕਰ ਕੇ ਪਿਛਲੇ ਦਿਨਾਂ ਤੋਂ ਲੋਕਾਂ ਨੂੰ ਆਵਾਜਾਈ ਲਈ ਆ ਰਹੀਆਂ ਦਿੱਕਤਾਂ ਦਾ ਕੁਝ ਹੱਲ ਹੋਇਆ ਹੈ | ਇਸ ਸਬੰਧੀ ਸਰਪੰਚ ਦਲਜੀਤ ਸਿੰਘ ਬਾਜਵਾ ਦੇਹੜ, ਰਾਜੂ ਕੰਗ ਅਠਵਾਲ ਸਮੇਤ ਮੁਹਤਬਰਾਂ ਨੇ ਦੱ ਸਿਆ ਕਿ ਇਸ ਸੜਕ ਦੇ ਨੇੜਿਓ ਨਾਜਾਇਜ਼ ਮਾਈਨਿੰਗ ਹੋਣ ਕਰ ਕੇ ਸੜਕ ਦਾ ਇਕ ਪਾਸਾ ਬਹੁਤ ਨੀਵਾਂ ਹੋ ਗਿਆ ਸੀ, ਜਿਸ ਦੇ ਚਲਦਿਆਂ ਬੀਤੇ ਦਿਨ ਹੋਈ ਭਾਰੀ ਬਰਸਾਤ ਦੇ ਤੇਜ਼ ਪਾਣੀ ਦੇ ਵਹਾਅ ਨੇ ਸੜਕ ਵਿਚ ਵੱਡਾ ਪਾੜ ਪਾ ਦਿੱਤਾ ਸੀ, ਜਿਸ ਕਰ ਕੇ ਵਹੀਕਲ ਚਾਲਕਾਂ ਨੂੰ ਭਾਰੀ ਦਿੱਕਤਾ ਪੇਸ਼ ਆ ਰਹੀਆਂ ਸਨ | ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੇ ਭਾਰੀ ਜੱਦੋ-ਜਹਿਦ ਕਰ ਕੇ ਇਹ ਪਾੜ੍ਹ ਪੂਰੇ ਹਨ, ਪਰ ਸਬੰਧਤ ਵਿਭਾਗ ਦਾ ਕੋਈ ਵੀ ਅਧਿਕਾਰੀ ਇਸ ਸੜਕ ਦਾ ਮੌਕਾ ਦੇਖਣ ਲਈ ਨਹੀਂ ਬਹੁੜਿਆ, ਜਿਸ ਕਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਨੌਜਵਾਨਾਂ ਨੇ ਸ਼ਾਲਾਘਾਯੋਗ ਕੰਮ ਕਰ ਕੇ ਲੋਕਾਂ ਨੂੰ ਕੁਝ ਰਾਹਤ ਪਹੁੰਚਾਈ ਹੈ | ਉਨ੍ਹਾਂ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਕਿ ਇਸ ਸੜਕ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਕਿਸੇ ਮਾੜੇ ਹਾਦਸੇ ਤੋੋਂ ਬਚਿਆ ਜਾ ਸਕੇ |