ਧਾਰ ਕਲਾਂ, 6 ਸਤੰਬਰ (ਨਰੇਸ਼ ਪਠਾਨੀਆ)-ਪਠਾਨਕੋਟ ਚੰਬਾ ਰਾਸ਼ਟਰੀ ਰਾਜ ਮਾਰਗ 154-ਏ 'ਤੇ ਦੁਨੇਰਾ ਕਟੋਰੀ ਬੰਗਲਾ ਵਿਚਕਾਰ ਨੁਕਸਾਨੀ ਸੜਕ 'ਤੇ ਇਕ ਟਰੱਕ ਦਾ ਐਕਸਲ ਟੁੱਟਣ ਕਾਰਨ ਭਾਰੀ ਜਾਮ ਲੱਗ ਗਿਆ | ਟਰੱਕ ਦੇ ਖ਼ਰਾਬ ਹੋਣ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦਾ ਭਾਰੀ ਜਾਮ ਲੱਗ ਗਿਆ | ਦੋ ਪਹੀਆ ਵਾਹਨ ਵੀ ਸੜਕ ਤੋਂ ਨਹੀਂ ਗੁਜਰ ਸਕੇ | ਸੜਕ 'ਤੇ ਐਂਬੂਲੈਂਸ ਦੇ ਨਾਲ ਨਾਲ ਫ਼ੌਜੀ ਵਾਹਨ ਵੀ ਫਸ ਚੁੱਕੇ ਸਨ | ਖ਼ਬਰ ਲਿਖਣ ਤੱਕ ਕੋਈ ਵੀ ਸਹਾਇਤਾ ਉਪਲਬਧ ਨਹੀਂ ਹੋ ਸਕੀ | ਮਨੀਮਹੇਸ਼ ਯਾਤਰਾ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਫਸੇ ਸ਼ਰਧਾਲੂ ਜੋ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵਲੋਂ ਬੱਸਾਂ ਰਾਹੀਂ ਵਾਪਸ ਭੇਜੇ ਜਾ ਰਹੇ ਹਨ, ਉਹ ਵੀ ਖ਼ਰਾਬ ਸੜਕ ਵਿਚ ਫਸੇ ਟਰੱਕ ਕਾਰਨ ਰੁਕ ਗਏ ਹਨ |