ਗੁਰਦਾਸਪੁਰ, 24 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦਿਵਾਉਣ ਲਈ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ | ਪਰ ਕੁਝ ਪਿੰਡਾਂ ਜਿਵੇਂ ਚਾਵਾ, ਨਵਾਂ ਸ਼ਾਲਾ, ਜਗਤਪੁਰ, ਭੋਲਾ, ਕੇਸ਼ੋਪੁਰ, ਖੁਦਾਦਪੁਰ, ਮਿਆਣੀ ਦੇ ਵਿਦਿਆਰਥੀਆਂ ਨੂੰ ਸਕੂਲ-ਕਾਲਜ ਸਮੇਂ ਸਾਰਨੀ ਮੁਤਾਬਿਕ ਬੱਸਾਂ ਨਾ ਮਿਲਣ ਕਾਰਨ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡਾਂ ਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਬੱਸਾਂ ਨਾ ਮਿਲਣ ਕਾਰਨ ਉਹ ਅਕਸਰ ਹੀ ਸਕੂਲ, ਕਾਲਜ ਜਾਣ ਤੋਂ ਲੇਟ ਹੋ ਜਾਂਦੇ ਹਨ | ਪਿੰਡਾਂ 'ਚੋਂ ਕਾਲਜ ਆਉਂਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਸਮਾਂ ਸਵੇਰੇ 8 ਵਜੇ ਸ਼ੁਰੂ ਹੁੰਦਾ ਹੈ | ਜਦੋਂ ਕਿ ਉਨ੍ਹਾਂ ਨੂੰ ਆਪਣੇ ਪਿੰਡ ਤੋਂ ਪਹਿਲੀ ਬੱਸ 8 ਵਜੇ ਮਿਲਦੀ ਹੈ ਜੋ ਗੁਰਦਾਸਪੁਰ 8.30 ਵਜੇ ਦੇ ਕਰੀਬ ਪਹੁੰਚਦੀ ਹੈ | ਜਿਸ ਕਾਰਨ ਉਹ ਕਰੀਬ ਅੱਧਾ ਘੰਟਾ ਸਕੂਲ ਤੋਂ ਲੇਟ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ 8 ਵਜੇ ਤੋਂ ਪਹਿਲਾਂ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਬੱਸ ਨਹੀਂ ਮਿਲਦੀ ਤੇ ਉਹ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਆਪਣਾ ਸਾਧਨ ਲਿਆਉਣ ਤੋਂ ਅਸਮਰਥ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਪੇ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚਲਾ ਰਹੇ ਹਨ ਜੋ ਨਿੱਜੀ ਵਾਹਨ ਦਾ ਪ੍ਰਬੰਧ ਨਹੀਂ ਕਰ ਸਕਦੇ | ਉਨ੍ਹਾਂ ਦੱਸਿਆ ਕਿ ਸਕੂਲ ਪਹੁੰਚਣ ਸਮੇਂ ਉਨ੍ਹਾਂ ਦਾ ਪਹਿਲਾ ਪੀਰੀਅਡ ਖ਼ਤਮ ਹੋ ਜਾਂਦਾ ਹੈ, ਜਿਸ ਤੋਂ ਉਹ ਵਾਂਝੇ ਰਹਿ ਜਾਂਦੇ ਹਨ | ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਾਈਵੇਟ ਬੱਸਾਂ ਵਾਲੇ ਸਵਾਰੀਆਂ ਮੁਤਾਬਿਕ ਆਪਣੇ ਸਮੇਂ ਦੇ ਹਿਸਾਬ ਨਾਲ ਬੱਸਾਂ ਚਲਾਉਂਦੇ ਹਨ | ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬੱਸਾਂ 'ਚ ਭੀੜ ਹੋਣ ਕਾਰਨ ਉਨ੍ਹਾਂ ਨੂੰ ਹਮੇਸ਼ਾ ਖੜ੍ਹੇ ਹੋ ਕੇ ਸਕੂਲ, ਕਾਲਜ ਜਾਣਾ ਤੇ ਆਉਣਾ ਪੈਂਦਾ ਹੈ | ਇਸੇ ਤਰ੍ਹਾਂ ਸਕੂਲ ਤੋਂ ਛੁੱਟੀ ਹੋਣ ਦੇ ਬਾਅਦ ਵੀ ਉਨ੍ਹਾਂ ਨੂੰ ਕਾਫ਼ੀ ਸਮਾਂ ਬੱਸ ਦੇ ਚੱਲਣ ਦੀ ਉਡੀਕ ਕਰਨੀ ਪੈਂਦੀ ਹੈ | ਵਿਦਿਆਰਥੀਆਂ ਨੇ ਕਿਹਾ ਕਿ ਬੱਸਾਂ ਸਮੇਂ ਸਿਰ ਨਾ ਮਿਲਣ ਕਾਰਨ ਜਿਥੇ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਉਨ੍ਹਾਂ ਨੂੰ ਕਈ ਵਾਰ ਅਧਿਆਪਕਾਂ ਦੀਆਂ ਝਿੜਕਾਂ ਵੀ ਸੁਣਨੀਆਂ ਪੈਂਦੀਆਂ ਹਨ | ਵਿਦਿਆਰਥੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਕੂਲ, ਕਾਲਜ ਆਉਣ-ਜਾਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ 'ਤੇ ਸਰਕਾਰੀ ਬੱਸਾਂ ਚਲਾਉਣ ਦੇ ਨਾਲ-ਨਾਲ ਗੁਰਦਾਸਪੁਰ ਸ਼ਹਿਰ ਨੂੰ ਆਉਣ ਵਾਲੀਆਂ ਬੱਸਾਂ ਦਾ ਸਮਾਂ ਤਬਦੀਲ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਆ ਰਹੀ ਇਸ ਮੁਸ਼ਕਿਲ ਤੋਂ ਨਿਜਾਤ ਮਿਲ ਸਕੇ |