ਧਾਰਕਲਾਂ, 25 ਸਤੰਬਰ (ਨਰੇਸ਼ ਪਠਾਨੀਆ)-ਧਾਰਕਲਾਂ ਦੇ ਅਧੀਨ ਪੈਂਦੀ ਪੰਚਾਇਤ ਭੰਗੂੜੀ ਦੇ ਟੀਕਾ ਪਲਾਹ ਦੇ ਵਾਰਡ ਨੰਬਰ-2 'ਚ ਪਿਛਲੇ 40 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੜਕ ਕਿਨਾਰਾ ਖਿਸਕਣ ਨਾਲ ਡਿੱਗਿਆ ਟਰਾਂਸਫਾਰਮਰ ਅਜੇ ਤੱਕ ਵਿਭਾਗ ਨੇ ਠੀਕ ਨਹੀਂ ਕੀਤਾ | ਜਿਸ ਕਾਰਨ ਲਗਭਗ 100 ਪਰਿਵਾਰ ਪ੍ਰਭਾਵਿਤ ਹੋ ਰਹੇ ਹਨ | ਜਿਸ ਤੋਂ ਨਾਰਾਜ਼ ਸਥਾਨਕ ਲੋਕਾਂ ਨੇ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਸੁਭਾਸ਼ ਸਿੰਘ, ਬਾਲੀ ਰਾਮ, ਭੀਮ ਸੈਨ, ਕ੍ਰਿਪਾਲ ਸਿੰਘ, ਉਤਮ ਚੰਦ, ਮੇਹਰ ਚੰਦ, ਵਿਜੇ ਕੁਮਾਰ, ਕਰਨੈਲ ਸਿੰਘ, ਸਤੀਸ਼ ਕੁਮਾਰ, ਪਵਨ ਕੁਮਾਰ, ਗਿਰਧਾਰੀ ਲਾਲ, ਸੁਨੀਤਾ ਦੇਵੀ, ਨੀਲਮ ਦੇਵੀ, ਮਧੂ ਬਾਲਾ, ਸੁਮਨ ਦੇਵੀ, ਗੁੱਡੀ ਦੇਵੀ ਆਦਿ ਨੇ ਦੱਸਿਆ ਕਿ ਪਿਛਲੇ ਲਗਭਗ 40 ਦਿਨਾਂ ਤੋਂ ਭੂਮੀ ਕਟਾਨ ਨਾਲ ਡਿੱਗਿਆ ਬਿਜਲੀ ਦਾ ਟਰਾਂਸਫਾਰਮਰ ਆਨਲਾਈਨ ਸ਼ਿਕਾਇਤ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਅਜੇ ਤੱਕ ਠੀਕ ਨਹੀਂ ਕੀਤਾ ਗਿਆ ਤੇ ਮਹਿਕਮਾ ਬਿਜਲੀ ਬੋਰਡ ਵਲੋਂ ਸਿੰਗਲ ਫੇਸ ਬਿਜਲੀ ਦਾ ਆਰਜ਼ੀ ਕੁਨੈਕਸ਼ਨ ਟੀਕਾ ਪਲਾਹ ਨੰੂ ਦਿੱਤਾ ਗਿਆ ਹੈ | ਜਿਸ ਦੇ ਨਾਲ ਪਿਛਲੇ 40 ਦਿਨਾਂ ਤੋਂ ਲਗਭਗ 100 ਪਰਿਵਾਰ ਬਿਜਲੀ ਤੋਂ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਜਲਦ ਬਿਜਲੀ ਦੀ ਨਿਯਮਿਤ ਸਪਲਾਈ ਨਹੀਂ ਦਿੱਤੀ ਗਈ ਤਾਂ ਉਹ ਰਾਸ਼ਟਰੀ ਰਾਜ ਮਾਰਗ 'ਤੇ ਧਰਨਾ ਪ੍ਰਦਰਸ਼ਨ ਕਰਨਗੇ | ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਸਬੰਧੀ ਜਦ ਐਸ.ਡੀ.ਓ. ਬਿਜਲੀ ਬੋਰਡ ਕੇਵਲ ਕ੍ਰਿਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਐਸਟੀਮੇਟ ਉੱਚ ਅਧਿਕਾਰੀਆਂ ਨੰੂ ਭੇਜ ਦਿੱਤਾ ਗਿਆ ਹੈ | ਜਲਦ ਹੀ ਲੋਕਾਂ ਦੀ ਇਸ ਸਮੱਸਿਆ ਨੰੂ ਦੂਰ ਕਰ ਦਿੱਤਾ ਜਾਵੇਗਾ |