ਗੁਰਦਾਸਪੁਰ, 26 ਸਤੰਬਰ (ਅਸ਼ੋਕ ਸ਼ਰਮਾ)-ਪਾਵਰਕਾਮ ਦੀ ਸਬ ਡਵੀਜ਼ਨ ਪੰਡੋਰੀ ਮਹੰਤਾਂ ਅਧੀਨ ਪੈਂਦੇ ਪਿੰਡ ਕਰਵਾਲ ਦੀਆਂ 18-20 ਟਿਊਬਵੈੱਲਾਂ ਦੀ ਬਿਜਲੀ ਸਪਲਾਈ ਬੰਦ ਹੋਣ ਕਰਕੇ ਕਿਸਾਨ ਡਾਢੇ ਪ੍ਰੇਸ਼ਾਨ ਹਨ, ਉੱਥੇ ਕਿਸਾਨਾਂ ਦੀ ਫ਼ਸਲ ਵੀ ਖ਼ਰਾਬ ਹੋ ਰਹੀ ਹੈ | ਪਰ ਮਹਿਕਮੇ ਇਸ ਪਾਸੇ ਗੰਭੀਰ ਨਾ ਹੋਣ ਕਰਕੇ ਕਿਸਾਨਾਂ ਦਾ ਐਕਸੀਅਨ ਪਠਾਨਕੋਟ ਪ੍ਰਤੀ ਭਾਰੀ ਰੋਸ ਹੈ | ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਟਿਊਬਵੈੱਲਾਂ ਦੀ ਸਪਲਾਈ ਚਲਾਉਣ ਲਈ ਉਹ ਉਪ ਮੰਡਲ ਅਫ਼ਸਰ ਪੰਡੋਰੀ ਮਹੰਤਾਂ ਤੇ ਹਲਕਾ ਜੇ.ਈ ਨੰੂ ਵੀ ਮਿਲੇ ਤੇ ਲਿਖਤੀ ਦਰਖ਼ਾਸਤਾਂ ਵੀ ਦਿੱਤੀਆਂ | ਪਰ ਕੋਈ ਹੱਲ ਨਹੀਂ ਕਰ ਸਕਿਆ | ਕਿਸਾਨਾਂ ਨੇ ਦੱਸਿਆ ਕਿ ਜਿਨ੍ਹਾਂ ਟਿਊਬਵੈੱਲਾਂ ਦੀ ਬਿਜਲੀ ਬੰਦ ਹੈ, ਉਹ ਟਿੱਬਾ ਬਰਾਨੀ ਜ਼ਮੀਨ 'ਤੇ ਹੈ, ਜਿਥੇ ਪਾਣੀ ਦੀ ਲੋੜ ਫ਼ਸਲ ਨੰੂ ਹਰ ਸਮੇਂ ਰਹਿੰਦੀ ਹੈ | ਪਰ ਮੋਟਰਾਂ ਨਾ ਚੱਲਣ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਜਦੋਂ ਇਸ ਸਬੰਧੀ ਉਪ ਮੰਡਲ ਅਫ਼ਸਰ ਇੰਜੀ: ਸੋਮਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਇੰਜੀ: ਜੇ.ਈ ਸੰਦੀਪ ਦੀ ਡਿਊਟੀ ਲਗਾ ਦਿੱਤੀ ਹੈ | ਜਦੋਂ ਜੇ.ਈ ਸੰਦੀਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਪਿੰਡ ਅੰਦਰ ਬਿਜਲੀ ਦੇ ਖੰਬੇ ਦੀਆਂ ਸਟੇਆਂ ਢਿੱਲੀਆਂ ਹੋਣ ਕਰਕੇ ਆਪਸ 'ਚ ਖਹਿੰਦੀਆਂ ਹਨ, ਜਿਸ ਕਰਕੇ ਬਿਜਲੀ ਬੰਦ ਕੀਤੀ ਗਈ ਹੈ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ | ਦੂਜੇ ਪਾਸੇ ਲੋਕਾਂ ਦੇ ਘਰਾਂ ਨੇੜੇ ਟਰਾਂਸਫ਼ਾਰਮਰ ਲੱਗਾ ਹੋਣ ਕਰਕੇ ਕੁਝ ਲੋਕ ਸਟੇਆਂ ਨੰੂ ਕੱਸਣ ਵੀ ਨਹੀਂ ਦਿੰਦੇ, ਜਿਸ ਕਰਕੇ ਬਿਜਲੀ ਪ੍ਰਭਾਵਿਤ ਹੁੰਦੀ ਹੈ | ਪਰ ਉਨ੍ਹਾਂ ਨੰੂ ਨੋਟਿਸ ਜਾਰੀ ਕਰ ਦਿੱਤੇ ਹਨ | ਕਿਸਾਨਾਂ ਨੇ ਐਸ.ਈ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਐਕਸੀਅਨ ਪਠਾਨਕੋਟ ਡਵੀਜ਼ਨ ਨੰੂ ਹਦਾਇਤਾਂ ਕਰਕੇ ਪਿੰਡ ਕਰਵਾਲ ਦੇ ਕਿਸਾਨਾਂ ਦੀਆਂ ਬੰਦ ਪਈ ਮੋਟਰਾਂ ਦੀ ਬਿਜਲੀ ਸਪਲਾਈ ਚਾਲੂ ਕਰਵਾਈ ਜਾਵੇ ਤਾਂ ਜੋ ਕਿਸਾਨ ਆਪਣੀ ਫ਼ਸਲ ਨੰੂ ਸਮੇਂ ਸਿਰ ਪਾਣੀ ਲਗਾ ਸਕਣ |