ਗੁਰਦਾਸਪੁਰ, 26 ਸਤੰਬਰ (ਚੱਕਰਾਜਾ)-ਲਾਭ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਜੌੜਾ ਛੱਤਰਾਂ ਵਲੋਂ ਐਸ.ਐਸ.ਪੀ ਗੁਰਦਾਸਪੁਰ ਨੰੂ ਇਕ ਲਿਖਤੀ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਰਜਵਿੰਦਰ ਕੌਰ ਪਤਨੀ ਹੀਰਾ ਸਿੰਘ ਪਿੰਡ ਜੌੜਾ ਛੱਤਰਾਂ ਵਲੋਂ ਇੱਕੋ ਪਲਾਟ ਦਾ ਤਿੰਨ ਵਿਅਕਤੀਆਂ ਨੰੂ ਬਿਆਨਾ ਕਰਕੇ ਦੇਣ ਤੋਂ ਬਾਅਦ ਉਨ੍ਹਾਂ ਨੰੂ ਪਲਾਟ ਦੀ ਰਜਿਸਟਰੀ ਨਾ ਕਰਕੇ ਦੇਣ ਅਤੇ ਨਾ ਹੀ ਪੈਸੇ ਵਾਪਸ ਕਰਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ | ਅੱਜ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਸ਼ਿਕਾਇਤ ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਭ ਸਿੰਘ, ਪ੍ਰੀਤਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੁਲ ਤਿੱਬੜੀ ਚਾਵਾ ਅਤੇ ਸੁਖਬੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਜੌੜਾ ਛੱਤਰਾਂ ਨੇ ਦੱਸਿਆ ਕਿ ਰਜਵਿੰਦਰ ਕੌਰ ਦੇ ਪਤੀ ਹੀਰਾ ਸਿੰਘ ਵਲੋਂ ਪਿੰਡ ਜੌੜਾ ਛੱਤਰਾਂ ਵਿਖੇ ਪੈਂਦੇ 13 ਮਰਲੇ ਦੇ ਪਲਾਟ ਦਾ ਸੌਦਾ ਲਾਭ ਸਿੰਘ ਨਾਲ 15 ਲੱਖ ਰੁਪਏ ਵਿਚ ਤਹਿ ਕਰਕੇ 12 ਲੱਖ ਰੁਪਏ ਬਿਆਨੇ ਵਜੋਂ ਗਵਾਹਾਂ ਦੇ ਸਾਹਮਣੇ ਵਸੂਲ ਕੀਤੇੇ ਸਨ, ਜਿਸ ਦੀ ਰਜਿਸਟਰੀ ਦੀ ਮਿਤੀ 7 ਫਰਵਰੀ 2028 ਰੱਖੀ ਗਈ ਸੀ | ਪਰ ਲਾਭ ਸਿੰਘ ਨੇ ਦੱਸਿਆ ਕਿ ਉਹ ਜਦ ਵੀ ਰਜਿਸਟਰੀ ਲਈ ਕਹਿੰਦਾ ਤਾਂ ਅੱਗੋਂ ਆਨਾਕਾਨੀ ਕੀਤੀ ਜਾਂਦੀ ਹੈ | ਪਰ ਇਸ ਗੱਲ ਦਾ ਉਸ ਨੰੂ ਬਾਅਦ ਵਿਚ ਪਤਾ ਲੱਗਾ ਕਿ ਉਕਤ ਪਲਾਟ ਦਾ ਬਿਆਨਾ ਪਹਿਲਾਂ ਵੀ ਰਜਵਿੰਦਰ ਕੌਰ ਵਲੋਂ ਪ੍ਰੀਤਮ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਨਾਂਅ ਕੀਤਾ ਹੋਇਆ ਹੈ ਤੇ ਉਸ ਨੰੂ ਵੀ ਰਜਿਸਟਰੀ ਕਰਕੇ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਇਥੇ ਹੀ ਬੱਸ ਨਹੀਂ, ਇਸ ਪਲਾਟ ਦਾ ਇਕ ਹੋਰ ਬਿਆਨਾ ਸੁਖਬੀਰ ਸਿੰਘ ਪੁੱਤਰ ਬਲਕਾਰ ਸਿੰਘ ਦੇ ਨਾਂਅ ਕਰਕੇ ਵੀ ਉਸ ਤੋਂ ਪੈਸੇ ਵਸੂਲੇ ਗਏ ਹਨ ਤੇ ਰਜਿਸਟਰੀ ਕਿਸੇ ਨੰੂ ਵੀ ਨਹੀਂ ਦਿੱਤੀ ਜਾ ਰਹੀ | ਇਸ ਤਰ੍ਹਾਂ ਉਕਤ ਔਰਤ ਤੇ ਉਸ ਦੇ ਪਤੀ ਵਲੋਂ ਇੱਕੋ ਪਲਾਟ ਦਾ ਤਿੰਨ ਥਾਈਾ ਬਿਆਨਾ ਕਰਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ ਅਤੇ ਨਾ ਪੈਸੇ ਮੋੜੇ ਜਾ ਰਹੇ ਅਤੇ ਨਾ ਹੀ ਪਲਾਟ ਦੀ ਰਜਿਸਟਰੀ ਕੀਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੰੂ ਇਹ ਵੀ ਪਤਾ ਲੱਗਾ ਹੈ ਕਿ ਪਲਾਟ ਮਾਲਕ ਵਲੋਂ ਹੁਣ ਇਸ ਪਲਾਟ 'ਤੇ ਇਕ ਬੈਂਕ ਤੋਂ ਕਰਜ਼ੇ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਐਸ.ਐਸ.ਪੀ ਗੁਰਦਾਸਪੁਰ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਪਲਾਟ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਜਦ ਹੀਰਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਦੋਸ਼ ਲਗਾਉਣ ਵਾਲੇ ਤਿੰਨ ਵਿਅਕਤੀਆਂ 'ਚੋਂ ਇਕ ਉਸ ਦਾ ਸਕਾ ਭਰਾ ਹੈ, ਜਿਸ ਨਾਲ ਜ਼ਮੀਨ ਦੀ ਵੰਡ ਨੰੂ ਲੈ ਕੇ ਉਸ ਦਾ ਕੋਈ ਵਿਵਾਦ ਚੱਲ ਰਿਹਾ ਹੈ ਅਤੇ ਉਸ ਕੋਲ ਪਹਿਲਾਂ ਹੀ ਵੰਡ ਅਨੁਸਾਰ ਥਾਂ ਜ਼ਿਆਦਾ ਹੈ | ਇਸ ਤੋਂ ਇਲਾਵਾ ਜਿਹੜਾ ਉਸ ਵਲੋਂ ਤੀਸਰੇ ਵਿਅਕਤੀ ਸੁਖਬੀਰ ਸਿੰਘ ਨਾਲ ਬਿਆਨਾ ਕੀਤਾ ਗਿਆ ਸੀ, ਉਸ ਵਿਚ ਸੁਖਬੀਰ ਸਿੰਘ ਵਲੋਂ ਉਸ ਕੋਲੋਂ ਬਿਆਨਾ ਲਿਖਵਾ ਲਿਆ ਗਿਆ | ਪਰ ਉਸ ਨੰੂ ਪੈਸੇ ਨਹੀਂ ਦਿੱਤੇ ਗਏ ਤੇ ਇਹ ਕਿਹਾ ਕਿ ਪੈਸੇ ਘਰ ਜਾ ਕੇ ਦੇਵੇਗਾ | ਪਰ ਅੱਜ ਤੱਕ ਵੀ ਉਸ ਨੰੂ ਕੀਤੇ ਇਕਰਾਰ ਮੁਤਾਬਿਕ ਪੈਸੇ ਨਹੀਂ ਦਿੱਤੇ ਗਏ | ਜਿਸ ਕਾਰਨ ਉਸ ਵਲੋਂ ਰਜਿਸਟਰੀ ਨਹੀਂ ਕਰਕੇ ਦਿੱਤੀ |