ਪਠਾਨਕੋਟ, 27 ਸਤੰਬਰ (ਸੰਧੂ)-ਅੱਜ ਉਡਾਣ ਐਜੂਕੇਸ਼ਨ ਸੋਸਾਇਟੀ ਵਲੋਂ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਪ੍ਰਧਾਨ ਸ਼ਾਮ ਚੱਢਾ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ | ਜਿਸ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਨਿਲ ਦਾਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਗਮ 'ਚ ਸੁਸਾਇਟੀ ਵਲੋਂ ਵੱਖ-ਵੱਖ ਕਾਲਜਾਂ ਦੀਆਂ 20 ਹੋਣਹਾਰ ਅਤੇ ਲੋੜਵੰਦ ਵਿਦਿਆਰਥਣਾਂ ਨੂੰ 5000 ਰੁਪਏ ਪ੍ਰਤੀ ਵਿਦਿਆਰਥੀ ਵਜ਼ੀਫ਼ੇ ਦਿੱਤੇ ਗਏ | ਪ੍ਰਧਾਨ ਸ਼ਾਮ ਚੱਢਾ ਨੇ ਕਿਹਾ ਕਿ ਉਡਾਣ ਐਜੂਕੇਸ਼ਨ ਸੁਸਾਇਟੀ ਨੇ ਪਿਛਲੇ ਤਿੰਨ ਸਾਲ ਵਿਚ 600 ਤੋਂ ਵੱਧ ਵਿਦਿਆਰਥਣਾਂ ਨੂੰ 5000 ਰੁਪਏ ਪ੍ਰਤੀ ਵਿਦਿਆਰਥੀ ਦੇ ਵਜ਼ੀਫ਼ੇ ਪ੍ਰਦਾਨ ਕੀਤੇ ਹਨ | ਸੁਸਾਇਟੀ ਵਲੋਂ ਗੋਦ ਲਏ ਗਏ ਪੰਜ ਵਿਦਿਆਰਥੀਆਂ ਵਿਚੋਂ ਸੰਦੀਪ ਕੌਰ ਨੇ ਪਿਛਲੇ ਸਾਲ ਜ਼ਿਲ੍ਹਾ ਤੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਅਤੇ ਇਸ ਸਾਲ ਸਮੁੱਚੀ ਯੂਨੀਵਰਸਿਟੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਪਠਾਨਕੋਟ ਨੂੰ ਭਾਰਤ ਦਾ ਸਭ ਤੋਂ ਵੱਧ ਸਿੱਖਿਅਤ ਜ਼ਿਲ੍ਹਾ ਬਣਾਉਣਾ ਹੈ | ਮੁੱਖ ਮਹਿਮਾਨ ਨੇ ਵਿਦਿਆਰਥਣਾਂ ਨੂੰ ਸਖ਼ਤ ਮਿਹਨਤ ਦਾ ਸੰਦੇਸ਼ ਦਿੱਤਾ | ਅੰਤ ਵਿਚ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਕਾਲਜ ਦੀ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਕਿਹਾ ਕਿ ਉਡਾਣ ਐਜੂਕੇਸ਼ਨ ਸੁਸਾਇਟੀ ਵਿਦਿਆਰਥਣਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਖੰਭ ਪ੍ਰਦਾਨ ਕਰ ਰਹੀ ਹੈ ਤਾਂ ਜੋ ਉਹ ਸਿੱਖਿਆ ਦੇ ਖੇਤਰ ਵਿਚ ਉੱਚੀਆਂ ਉਡਾਣ ਭਰ ਸਕਣ | ਇਸ ਮੌਕੇ ਊਸ਼ਾ ਚੱਢਾ, ਸੇਵਾ ਮੁਕਤ ਪਿ੍ੰਸੀਪਲ ਵਿਜੇ ਸ਼ਰਮਾ, ਸੇਵਾ ਮੁਕਤ ਪਿ੍ੰਸੀਪਲ ਰਣਜੀਤ ਸਿੰਘ, ਰਵਿੰਦਰ ਗੁਪਤਾ, ਪ੍ਰੋਫੈਸਰ ਮਨੋਜ ਗੁਪਤਾ, ਅਨਿਲ ਤ੍ਰੇਹਨ, ਸਿਧਾਰਥ ਸ਼ਰਮਾ ਹਾਜ਼ਰ ਸਨ |