ਗੁਰਦਾਸਪੁਰ, 27 ਸਤੰਬਰ (ਪੰਕਜ ਸ਼ਰਮਾ)-ਅੱਜ ਕੇਂਦਰੀ ਰਾਜ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰੀ ਬੀ.ਐਲ. ਵਰਮਾ ਵਲੋਂ ਦੀਨਾਨਗਰ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਸੰਦਲਪੁਰ, ਧੂਤ, ਦਬੂੜੀ, ਆਦੀਆਂ, ਅੱਲ੍ਹੜ ਪਿੰਡੀ, ਬਾਊਪੁਰ ਅਤੇ ਅਫਗਾਨਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਬੀ.ਐਲ ਵਰਮਾ ਨੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਦੁੱਖ-ਦਰਦ ਸੁਣੇ | ਉਨ੍ਹਾਂ ਨੇ ਲੋਕਾਂ ਨੰੂ ਭਰੋਸਾ ਦਿਵਾਇਆ ਕਿ ਸਰਕਾਰ ਵਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੰੂ ਉਨ੍ਹਾਂ ਦੇ ਘਰਾਂ ਦੇ ਨੁਕਸਾਨ, ਖੇਤਾਂ ਵਿਚ ਪਾਣੀ ਭਰਨ ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕੇਂਦਰ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਹਮੇਸ਼ਾ ਖੜ੍ਹੀ ਹੈ | ਇਸ ਮੌਕੇ ਕੇਂਦਰੀ ਮੰਤਰੀ ਵਲੋਂ ਰਾਹਤ ਸਮੱਗਰੀ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਦੀਆਂ ਤੁਰੰਤ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ | ਇਸ ਦੌਰੇ ਦੌਰਾਨ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿਚ ਵਰਕਰ ਵੀ ਮੌਜੂਦ ਸਨ, ਜਿਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਤੱਕ ਮਦਦ ਪਹੁੰਚਾਉਣ 'ਚ ਸਰਗਰਮ ਭੂਮਿਕਾ ਨਿਭਾਈ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਰਵੀਕਰਨ ਸਿੰਘ ਕਾਹਲੋਂ, ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ, ਰੇਣੂ ਕਸ਼ਯਪ, ਯਸ਼ਪਾਲ ਕੌਂਡਲ, ਵਿਨੇ ਚੌਧਰੀ, ਉਮੇਸ਼ਵਰ ਮਹਾਜਨ, ਜੋਗਿੰਦਰ ਸਿੰਘ ਛੀਨਾ, ਗੁਰਮੀਤ ਕੌਰ, ਬਿੰਦੀਆ, ਰਾਕੇਸ਼ ਨਡਾਲਾ, ਪਰਮਜੀਤ ਸਿੰਘ ਪੰਮਾ, ਨਿਰਮਲ ਸਿੰਘ, ਸੰਦੀਪ ਠਾਕੁਰ, ਪ੍ਰਸ਼ੋਤਮ ਸਿੰਘ ਅਤੇ ਸ਼ੈਂਪੀ ਸੋਹਲ ਆਦਿ ਵੀ ਹਾਜ਼ਰ ਸਨ |