ਬਟਾਲਾ, 27 ਸਤੰਬਰ (ਰਾਕੇਸ਼ ਰੇਖੀ)-ਮਾਨਸਿਕ ਤੌਰ 'ਤੇ ਪ੍ਰੇਸ਼ਾਨ ਤਲਾਕਸ਼ੁਦਾ ਔਰਤ ਵਲੋਂ ਗਲਤੀ ਨਾਲ ਜ਼ਹਿਰੀਲੀ ਚੀਜ਼ ਖਾਣ ਕਾਰਨ ਉਸ ਦੀ ਮੌਤ ਹੋ ਗਈ | ਥਾਣਾ ਸਿਵਲ ਲਾਈਨ ਦੇ ਏ.ਐੱਸ.ਆਈ. ਰਾਜਬੀਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਪਿਆਰਾ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਲੜਕੀ ਸੁਖਜੀਤ ਕੌਰ (44) ਦਾ ਕਰੀਬ 12 ਸਾਲ ਪਹਿਲਾਂ ਅਜ਼ਨਾਲਾ ਦੇ ਰਹਿਣ ਵਾਲੇ ਫ਼ਤਹਿ ਸਿੰਘ ਨਾਲ ਵਿਆਹ ਹੋਇਆ ਸੀ, ਪਰ ਕਰੀਬ 6-7 ਸਾਲ ਤੋਂ ਸੁਖਜੀਤ ਕੌਰ ਦਾ ਆਪਣੇ ਪਤੀ ਨਾਲ ਤਾਲਾਕ ਹੋ ਗਿਆ ਸੀ ਅਤੇ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ | ਸੁਖਜੀਤ ਕੌਰ ਕਾਫ਼ੀ ਸਮੇਂ ਤੋਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ | ਬੀਤੇ ਦਿਨ ਸਵੇਰੇ 7 ਵਜੇ ਸੁਖਜੀਤ ਕੌਰ ਘਰ ਦੇ ਵਿਹੜੇ ਵਿਚ ਡਿੱਗ ਪਈ, ਇਲਾਜ ਲਈ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਖਜੀਤ ਕੌਰ ਨੇ ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ | ਇਲਾਜ ਦੌਰਾਨ ਉਸ ਦੀ ਮੌੌਤ ਹੋ ਗਈ | ਪੁਲਿਸ ਨੇ ਇਸ ਸਬੰਧ ਵਿਚ ਬਣਦੀ ਕਾਰਵਾਈ ਕੀਤੀ ਹੈ |