ਬਟਾਲਾ, 27 ਸਤੰਬਰ (ਰਾਕੇਸ਼ ਰੇਖੀ)-ਅੰਮਿ੍ਤਸਰ-ਪਠਾਨਕੋਟ ਹਾਈਵੇ 'ਤੇ ਪਿੰਡ ਸੈਦਮੁਬਾਰਕ ਨੇੜੇ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਲੜਕੀ ਦੀ ਮੌਤ ਹੋ ਗਈ | ਥਾਣਾ ਸਦਰ ਦੇ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਹਰਦੋਝੰਡੇ ਦੇ ਰਹਿਣ ਵਾਲੇ ਹਰਜੀਤ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਭਤੀਜੀ ਰੀਆ ਨਾਲ ਮੋਟਰਸਾਈਕਲ 'ਤੇ ਬਟਾਲਾ ਤੋਂ ਆਪਣੇ ਪਿਤਾ ਦੀ ਦਵਾਈ ਲੈ ਕੇ ਵਾਪਸ ਪਿੰਡ ਹਰਦੋਝੰਡੇ ਨੂੰ ਆ ਰਹੇ ਸਨ | ਸ਼ਾਮ ਕਰੀਬ 6:30 ਵਜੇ ਉਹ ਸੈਦ ਮੁਬਾਰਕ ਨਜ਼ਦੀਕ ਬਣ ਰਹੇ ਫ਼ਲਾਈ ਓਵਰ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆਏ ਇਕ ਟਿੱਪਰ ਦੇ ਚਾਲਕ ਨੇ ਆਪਣੇ ਟਿੱਪਰ ਨੂੰ ਨਵੇਂ ਬਣ ਰਹੇ ਹਾਈਵੇ ਵੱਲ ਨੂੰ ਮੋੜ ਦਿੱਤਾ | ਇਸ ਦੌਰਾਨ ਉਸ ਦੇ ਮੋਟਰਸਾਈਕਲ ਦੇ ਅਗਲੇ ਟਾਇਰ ਥੱਲੇ ਰੋੜਾ ਆ ਜਾਣ ਕਾਰਨ ਸੰਤੁਲਨ ਵਿਗੜ ਗਿਆ, ਜਿਸ ਨਾਲ ਮੋਟਰਸਾਈਕਲ ਟਿੱਪਰ ਵਿਚ ਜਾ ਵੱਜਾ | ਇਸ ਟੱਕਰ ਨਾਲ ਉਹ ਤਿੰਨੇ ਜ਼ਖ਼ਮੀ ਹੋ ਗਏ | ਗੰਭੀਰ ਜ਼ਖ਼ਮੀ ਰੀਆ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ | ਪੁਲਿਸ ਨੇ ਇਸ ਸਬੰਧ ਵਿਚ ਬਣਦੀ ਕਾਰਵਾਈ ਕੀਤੀ ਹੈ |