ਬਟਾਲਾ, 27 ਸਤੰਬਰ (ਰਾਕੇਸ਼ ਰੇਖੀ)-ਨੌਜਵਾਨ ਲੜਕੀ ਨੂੰ ਅਗਵਾ ਕਰ ਕੇ ਬੰਧਕ ਬਣਾ ਕੇ ਰੱਖਣ ਦੇ ਦੋਸ਼ ਤਹਿਤ ਪੁਲਿਸ ਨੇ 4 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਕਾਦੀਆਂ ਦੇ ਏ.ਐੱਸ.ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਵਾਰਡ-6 ਸਿਵਲ ਲਾਈਨ ਦੇ ਨੇੜੇ ਰਹਿਣ ਵਾਲੇ ਸੁਰਮੂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਗੁੱਜਰ ਭਾਈਚਾਰੇ ਨਾਲ ਸਬੰਧਤ ਹੈ ਅਤੇ ਦੁੱਧ ਦਾ ਕਾਰੋਬਾਰ ਕਰਦਾ ਹੈ | ਉਹ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ ਅਤੇ ਉਸ ਦੇ ਚਾਚੇ ਮੁਹੰਮਦ ਸਫ਼ੀ ਦੀ ਲੜਕੀ ਜੈਤੂਨ ਵੀ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਨਾਲ ਹੀ ਰਹਿੰਦੀ ਆ ਰਹੀ ਹੈ | ਪਿਛਲੇ ਦਿਨੀਂ ਉਸ ਦੀ ਭੈਣ ਜੈਤੂਨ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਜੰਮੂ ਨੇੜੇ ਪਿੰਡ ਭੂੰਡ ਗਈ ਸੀ, ਉਹ ਪਹਿਲਾਂ ਵੀ ਕਈ ਵਾਰ ਉਥੇ ਜਾਂਦੀ ਰਹੀ ਹੈ, ਪਰ ਇਸ ਵਾਰ ਉਹ ਵਾਪਸ ਨਹੀਂ ਆਈ | ਉਸ ਨੇ ਆਪਣੇ ਤੋਰ 'ਤੇ ਪਤਾ ਕੀਤਾ ਤਾਂ ਉਸ ਨੂੰ ਸੂਚਨਾ ਮਿਲੀ ਕਿ ਜੈਤੂਨ ਨੂੰ ਭੂੰਡ ਪਿੰਡ ਦੇ ਹੀ ਰਹਿਣ ਵਾਲੇ ਗਨੀ ਅਤੇ ਗੁਲਜਾਰ ਤੋਂ ਇਲਾਵਾ ਪਠਾਨਕੋਟ ਦੇ ਪਿੰਡ ਫਿਰੋਜਪੁਰ ਕਲਾਂ ਦੇ ਰਹਿਣ ਵਾਲੇ ਤੇਗ ਅਲੀ ਅਤੇ ਸੀਫ਼ੂ ਨੇ 4 ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਜੈਤੂਨ ਨੂੰ ਕਿਸੇ ਜਗ੍ਹਾ 'ਤੇ ਬੰਧਕ ਬਣਾ ਕੇ ਰੱਖਿਆ ਹੋਇਆ ਹੈ | ਸੁਰਮੂ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਲੋਕ ਕੁਝ ਦਿਨ ਪਹਿਲਾਂ ਜੈਤੂਨ ਦਾ ਰਿਸ਼ਤਾ ਮੰਗਣ ਆਏ ਸਨ, ਪਰ ਉਸ ਨੇ ਨਾ ਕਰ ਦਿੱਤੀ ਸੀ | ਇਸੇ ਰੰਜਿਸ਼ ਕਾਰਨ ਉਕਤ ਵਿਅਕਤੀਆਂ ਨੇ ਜੈਤੂਨ ਨੂੰ ਕਿਸੇ ਜਗ੍ਹਾ 'ਤੇ ਲੁਕਾ ਕੇ ਰੱਖਿਆ ਹੋਇਆ ਹੈ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |