ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਹਮਖਿਆਲੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਉਪਰੰਤ ਪ੍ਰਧਾਨ ਕਲਸੀ ਨੇ ਕਿਹਾ ਕਿ ਮਾਨ ਸਰਕਾਰ ਵੀ ਰਾਜ ਕਰ ਚੁੱਕੀਆਂ ਸਰਕਾਰਾਂ ਦੀ ਨੀਤੀ 'ਤੇ ਚੱਲ ਰਹੀ ਜਾਪਦੀ ਹੈ, ਜਿਸ ਕਰ ਕੇ 4 ਸਾਲ ਬੀਤ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਟਾਲਾ 'ਚ ਇਕ ਵਾਰ ਵੀ ਫੇਰਾ ਨਹੀਂ ਪਾਇਆ ਤੇ ਨਾ ਹੀ ਬਟਾਲਾ ਵਾਸੀਆਂ ਦੀਆਂ ਜਾਇਜ ਤੇ ਹੱਕੀ ਮੰਗਾਂ ਮੰਨੀਆਂ | ਪ੍ਰਧਾਨ ਕਲਸੀ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼ੈਰੀ ਕਲਸੀ ਅਤੇ ਹਰਪਾਲ ਸਿੰਘ ਚੀਮਾ ਨੇ ਬਟਾਲਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ 6 ਮਹੀਨਿਆਂ ਵਿਚ ਬਟਾਲਾ ਨੂੰ ਪੂਰਨ ਰੈਵੀਨਿਊ ਜ਼ਿਲ੍ਹਾ ਐਲਾਨ ਕੀਤਾ ਜਾਵੇਗਾ ਤੇ ਹੋਰ ਵੀ ਵਾਅਦੇ ਕੀਤੇ ਸਨ, ਪਰ ਅੱਜ ਤੱਕ ਵਿਧਾਇਕ ਸ਼ੈਰੀ ਕਲਸੀ ਅਤੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਟਾਲਾ ਵਾਸੀਆਂ ਨੂੰ ਰਾਹਤ ਦਿਵਾਉਣ ਦੇ ਮੰਤਵ ਨਾਲ ਕੋਈ ਵੀ ਉਪਰਾਲਾ ਨਹੀਂ ਕੀਤਾ, ਇਸ ਕਰ ਕੇ ਵਿਧਾਇਕ ਸ਼ੈਰੀ ਕਲਸੀ, ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਪ ਸਰਕਾਰ ਵਾਅਦੇ ਪੂਰੇ ਕਰਨ 'ਚ ਬੂਰੀ ਤਰ੍ਹਾਂ ਫੇਲ ਹੋਈ ਹੈ | ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਦਿਵਾਲੀ ਤੋਂ ਪਹਿਲਾਂ-ਪਹਿਲਾਂ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਜ਼ਾਦ ਪਾਰਟੀ ਵਲੋਂ 3 ਨਵੰਬਰ ਨੂੰ ਅਣਮਿੱਥੇ ਸਮੇਂ ਲਈ ਬਟਾਲਾ ਬੰਦ, ਭੁੱਖ ਹੜਤਾਲ ਤੇ ਵਿਧਾਇਕ ਦੇ ਘਿਰਾਉ ਕਰਨ ਦਾ ਸੰਘਰਸ਼ ਸੁਰੂ ਕੀਤਾ ਜਾਵੇਗਾ | ਮੀਟਿੰਗ ਵਿਚ ਮਜ਼ਦੂਰ ਆਗੂ ਕਾਮਰੇਡ ਮਦਨ ਲਾਲ, ਪਰਮਜੀਤ ਸਿੰਘ ਪੰਮਾ, ਰਣਜੀਤ ਸਿੰਘ ਲਾਲੀ, ਨਰਿੰਦਰ ਸਿੰਘ ਨਾਗੀ, ਨੰਬਰਦਾਰ ਕੇਵਲ ਸਿੰਘ, ਗੁਰਮੀਤ ਸਿੰਘ ਗੋਸਪੁਰਾ, ਕਾਮਰੇਡ ਵਿੱਕੀ, ਪਵਨਬੀਰ ਸਿੰਘ ਬੱਜੂਮਾਨ, ਮੁਨੀਸ ਕੁਮਾਰ, ਨੰਦ ਲਾਲ, ਵਿਕਾਸਦੀਪ ਸਿੰਘ ਆਦਿ ਸਾਮਿਲ ਹੋਏ |