ਬਟਾਲਾ, 1 ਨਵੰਬਰ (ਸਤਿੰਦਰ ਸਿੰਘ)- ਲਿਬਰੇਸ਼ਨ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਨੇ ਭਾਰਤ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀਆਂ ਵੋਟਾਂ ਰਾਹੀਂ ਚੁਣੀ ਗਈ ਯੂਨੀਵਰਿਸਟੀ ਸੈਨਿਟ ਭੰਗ ਕਰਨ ਦੀ ਕਾਰਵਾਈ ਨੂੰ ਸੰਘੀ ਢਾਂਚੇ ਦਾ ਘਾਣ ਦੱਸਦਿਆਂ ਇਸ ਨੂੰ ਅਤਿ ਨਿੰਦਣਯੋਗ ਕਾਰਵਾਈ ਦੱਸਿਆ ਹੈ | ਇਸ ਬਾਬਤ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਂਝੇ ਪੰਜਾਬ ਦੇ ਪੰਜਾਬੀਆਂ ਵਲੋਂ ਪੈਸੇ ਇਕੱਠੇ ਕਰ ਕੇ 1882 'ਚ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਕਾਇਮ ਕੀਤੀ ਗਈ ਸੀ ਜਿਸ ਯੂਨੀਵਰਸਿਟੀ ਨੂੰ 1947 ਵਿਚ ਪੰਜਾਬ ਦੀ ਨਵੀਂ ਬਣੀ ਰਾਜਧਾਨੀ ਚੰਡੀਗੜ੍ਹ ਵਿਚ ਬਣਾ ਲਿਆ ਗਿਆ ਸੀ ਪਰ ਅਫਸੋਸ ਹੈ ਕਿ ਪਹਿਲੀਆਂ ਕੇਂਦਰ ਸਰਕਾਰਾਂ ਵਲੋਂ ਪੰਜਾਬੀਆਂ ਨੂੰ ਆਪਣੀ ਰਾਜਧਾਨੀ ਨਹੀਂ ਦਿੱਤੀ ਗਈ ਤੇ ਹੁਣ ਮੋਦੀ ਸਰਕਾਰ ਵਲੋਂ ਚੰਡੀਗੜ੍ਹ ਉੱਪਰ ਕੇਂਦਰ ਦਾ ਆਸਤੇ-ਆਸਤੇ ਮੁਕੰਮਲ ਕਬਜ਼ਾ ਕਰਨ ਲਈ ਪੰਜਾਬ ਯੂਨੀਵਰਿਸਟੀ ਉਪਰ ਹੱਲਾ ਬੋਲ ਦਿੱਤਾ ਹੈ, ਇਸ ਸੰਭਾਵਿਤ ਖਤਰੇ ਨੂੰ ਭਾਂਪਦਿਆਂ ਪਹਿਲਾਂ ਹੀ ਪੰਜਾਬ ਵਿਧਾਨ ਸਭਾ 'ਚ ਕੇਂਦਰ ਦੇ ਦਖਲ ਨੂੰ ਰੋਕਣ ਲਈ ਮਤਾ ਵੀ ਪਾਸ ਕੀਤਾ ਗਿਆ ਸੀ | ਅਸਲ ਵਿਚ ਪੰਜਾਬ ਨੂੰ ਪੂਰੀ ਤਰ੍ਹਾਂ ਰਾਜਧਾਨੀ 'ਚੋਂ ਬਾਹਰ ਧੱਕਿਆ ਜਾ ਰਿਹਾ ਹੈ | ਪੰਜਾਬ ਯੂਨੀਵਰਿਸਟੀ ਦੀ ਸੈਨਿਟ ਨੂੰ ਭੰਗ ਕਰਨਾ ਸਧਾਰਨ ਘਟਨਾ ਨਹੀਂ ਬਲਕਿ ਮੋਦੀ ਸਰਕਾਰ ਦਾ ਦੇਸ਼ ਦੀਆਂ ਸਮੁੱਚੀਆਂ ਯੂਨੀਵਰਸਿਟੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿੱਖਿਆ ਦਾ ਭਗਵਾਂ ਕਰਨ ਦੀ ਨੀਤੀ ਦਾ ਹਿੱਸਾ ਹੈ | ਮੋਦੀ-ਸ਼ਾਹ ਦੇ ਇਸ ਹਮਲੇ ਨੂੰ ਪੰਜਾਬੀ ਚੁੱਪ-ਚਾਪ ਨਹੀਂ ਸਹਿਣ ਕਰਨਗੇ | ਲਿਬਰੇਸ਼ਨ ਨੇ ਇਸ ਦਾ ਤਿੱਖਾ ਵਿਰੋਧ ਕਰਦਿਆਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ |