ਪਠਾਨਕੋਟ, 4 ਨਵੰਬਰ (ਵਿਨੋਦ)-ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਪ੍ਰਮੁੱਖ ਸਕੱਤਰ ਪਸ਼ੂ ਪਾਲਨ ਮੱਛੀ ਪਾਲਨ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਰਾਹੁਲ ਭੰਡਾਰੀ ਅਤੇ ਨਿਰਦੇਸ਼ਕ ਪਸ਼ੂ ਪਾਲਨ ਵਿਭਾਗ ਪੰਜਾਬ ਡਾ: ਪਰਮਦੀਪ ਸਿੰਘ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿਖੇ ਗਾਵਾਂ ਅਤੇ ਮੱਝਾਂ ਨੂੰ ਮੂੰਹ ਖੋਰ ਵੈਕਸੀਨ ਪਸ਼ੂ ਪਾਲਕਾਂ ਦੇ ਡੋਰ-ਟੂ-ਡੋਰ ਜਾ ਕੇ ਲਗਾਈ ਜਾ ਰਹੀ ਹੈ | ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਵੈਟਰਨਰੀ ਅਫ਼ਸਰ ਪਠਾਨਕੋਟ ਡਾ: ਵਿਜੇ ਕੁਮਾਰ ਨੇ ਕੀਤਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿਖੇ ਵੱਖ-ਵੱਖ ਪਿੰਡਾਂ ਵਿਚ ਪਸ਼ੂ ਪਾਲਨ ਵਿਭਾਗ ਦੀਆਂ 24 ਟੀਮਾਂ ਪਸ਼ੂ ਪਾਲਕਾਂ ਦੇ ਡੋਰ-ਟੂ-ਡੋਰ ਜਾ ਕੇ ਇਹ ਵੈਕਸੀਨ ਪਸ਼ੂਆਂ ਨੂੰ ਲਗਾ ਰਹੀਆਂ ਹਨ | ਜ਼ਿਲ੍ਹਾ ਪਠਾਨਕੋਟ ਨੂੰ 106550 ਖ਼ੁਰਾਕਾਂ ਪਸ਼ੂ ਪਾਲਨ ਵਿਭਾਗ ਪੰਜਾਬ ਵਲੋਂ ਜਾਰੀ ਹੋਈਆਂ ਹਨ ਅਤੇ ਅੱਜ ਤੱਕ ਜ਼ਿਲ੍ਹਾ ਪਠਾਨਕੋਟ ਵਿਖੇ 59770 ਖ਼ੁਰਾਕਾਂ ਪਸ਼ੂ ਪਾਲਕਾਂ ਦੇ ਪਸ਼ੂਆਂ ਨੂੰ ਲਗਾ ਦਿੱਤੀਆਂ ਗਈਆਂ ਹਨ | ਇਹ ਖ਼ੁਰਾਕਾਂ ਪਸ਼ੂਆਂ ਨੂੰ ਬਿਲਕੁਲ ਮੁਫ਼ਤ ਲਗਾਈਆਂ ਗਈਆਂ ਹਨ | ਡਾ: ਵਿਜੇ ਨੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣ, ਵੈਕਸੀਨ ਨਾ ਲਗਾਉਣ ਦੀ ਸੂਰਤ ਵਿਚ ਪਸ਼ੂ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਪਸ਼ੂ ਪਾਲਕ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ | ਜੇਕਰ ਕਿਸੇ ਵੀ ਪਸ਼ੂ ਪਾਲਕ ਦੇ ਪਸ਼ੂ ਨੂੰ ਇਹ ਵੈਕਸੀਨ ਨਹੀਂ ਲਗਾਈ ਗਈ ਤਾਂ ਉਹ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਦੇ ਇੰਚਾਰਜ ਨਾਲ ਤਾਲਮੇਲ ਕਰਨਾ ਯਕੀਨੀ ਬਣਾਉਣਗੇ |