ਧਾਰੀਵਾਲ, 4 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਚੇਅਰਮੈਨ ਸ: ਸੁਰਜੀਤ ਸਿੰਘ ਅਤੇ ਪਿ੍ੰ. ਸ੍ਰੀ ਸੈਮੂਅਲ ਦਾਸ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਦੁਆਰਾ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਦੇ ਜਾਪ ਕਰਨ ਅਤੇ ਕੀਰਤਨ ਕਰਨ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਅਧਿਆਪਕ ਮਨਪ੍ਰੀਤ ਕੌਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ, ਉਦੇਸ਼ਾਂ ਤੇ ਸਿਧਾਂਤਾਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਦੱਸਿਆ ਗਿਆ | ਚੌਥੀ ਕਲਾਸ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਗਾਈਆਂ ਤੇ ਛੇਵੀਂ ਕਲਾਸ ਦੇ ਵਿਦਿਆਰਥੀਆਂ ਨੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕੀਤੇ | ਡਾਇਰੈਕਟਰ ਐਡਵੋਕੇਟ ਪਿ੍ਤਪਾਲ ਸਿੰਘ ਅਤੇ ਐਜੂਕੇਸ਼ਨਲ ਡਾਇਰੈਕਟਰ ਡਾ. ਕਿ੍ਤਇੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਉੱਤੇ ਚੱਲਣਾ ਚਾਹੀਦਾ ਹੈ | ਇਸ ਪ੍ਰੋਗਰਾਮ ਦੀ ਤਿਆਰੀ ਅਧਿਆਪਕ ਕੁਲਵਿਦੰਰ ਕੌਰ ਨੇ ਕਰਵਾਈ ਤੇ ਸਮੂਹ ਸਟਾਫ਼ ਹਾਜ਼ਰ ਸਨ |