ਬਟਾਲਾ, 4 ਨਵੰਬਰ (ਸਤਿੰਦਰ ਸਿੰਘ)-ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 8 ਨਵੰਬਰ ਦੀ ਸ਼ਾਮ ਨੂੰ ਬਟਾਲਾ ਦੀ ਆਈ.ਟੀ.ਆਈ. ਗਰਾਊਾਡ (ਕਾਹਨੂੰਵਾਨ ਰੋਡ) ਵਿਖੇ ਕਰਵਾਏ ਜਾ ਰਹੇ ਲਾਈਟ ਐਂਡ ਸਾਊਾਡ ਸ਼ੋਅ ਰਾਹੀਂ ਸੰਗਤ ਨੂੰ ਨੌਵੇਂ ਪਾਤਸ਼ਾਹ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਮਹਾਨ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਉੱਪਲ ਨੇ ਆਈ.ਟੀ.ਆਈ. ਬਟਾਲਾ ਵਿਖੇ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ | ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਕਿਹਾ ਕਿ ਉਹ ਇਸ ਇਤਿਹਾਸਕ ਲਾਈਟ ਐਂਡ ਸਾਊਾਡ ਸ਼ੋਅ ਨੂੰ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਦੇਖਣ | ਉਨ੍ਹਾਂ ਨੇ ਸਮੂਹ ਸੰਗਤ ਨੂੰ ਸ਼ਿਰਕਤ ਕਰਨ ਦਾ ਸੱਦਾ ਦਿੰਦਿਆਂ ਦੱਸਿਆ ਕਿ 45 ਮਿੰਟ ਦੇ ਸ਼ੋਅ ਦੌਰਾਨ ਡਿਜੀਟਲ ਤਰੀਕੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਵਿਰਾਸਤ, ਸਿੱਖਿਆਵਾਂ ਅਤੇ ਮਹਾਨ ਬਲੀਦਾਨ ਬਾਰੇ ਚਾਨਣਾ ਪਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 8 ਨਵੰਬਰ ਨੂੰ ਸ਼ਾਮ ਕਰੀਬ 6 ਵਜੇ ਸ਼ੋਅ ਕਰਵਾਇਆ ਜਾਵੇਗਾ ਅਤੇ ਕੋਈ ਵੀ ਬਿਨਾਂ ਕਿਸੇ ਪਾਸ ਤੋਂ ਸ਼ੋਅ ਵਿਚ ਸ਼ਾਮਿਲ ਹੋ ਸਕਦਾ ਹੈ | ਇਸ ਮੌਕੇ ਡਾ. ਹਰਜਿੰਦਰ ਸਿੰਘ ਬੇਦੀ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰੀਤ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐੱਮ. ਬਟਾਲਾ, ਮਨਜੀਤ ਸਿੰਘ ਰਾਜਲਾ ਐਸ.ਡੀ.ਐੱਮ. ਗੁਰਦਾਸਪੁਰ, ਪ੍ਰੋ. ਰਾਜ ਕੁਮਾਰ ਸ਼ਰਮਾ, ਡੀ.ਐੱਸ.ਪੀ. ਤੇਜਿੰਦਰਪਾਲ ਸਿੰਘ, ਡਾ. ਤੇਜਿੰਦਰ ਕੌਰ ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫਸਰ, ਸ਼ੁਭਾਸ ਚੰਦਰ ਏ.ਆਰ.ਟੀ.ਓ., ਐੱਸ.ਡੀ.ਓ. ਨਿਰਮਲ ਸਿੰਘ, ਹਰਮਨਪ੍ਰੀਤ ਸਿੰਘ, ਪਰਮਿੰਦਰ ਸਿੰਘ ਸ਼ੈਣੀ ਜ਼ਿਲ੍ਹਾ ਗਾਈਡੈਂਸ ਕੌਸ਼ਲਰ, ਨੀਰਜ ਸ਼ਰਮਾ ਫਾਈਰ ਅਫਸਰ, ਨਿਰਮਲ ਸਿੰਘ, ਸੁਪਰਡੈਂਟ ਸੁੰਦਰ ਸ਼ਰਮਾ, ਲਖਬੀਰ ਸਿੰਘ, ਰਾਜਵਿੰਦਰ ਸਿੰਘ ਅਤੇ ਵੱਖ-ਵੱਖ ਅਧਿਕਾਰੀ ਮੌਜੂਦ ਸਨ |