ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰਸੀਪਲ ਡਾ. ਵਰਿੰਦਰ ਭਾਟੀਆ ਦੀ ਯੋਗ ਅਗਵਾਈ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਵੰਤ ਸਿੰਘ ਦੀ ਦੇਖ-ਰੇਖ ਹੇਠ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਡਾ. ਗੁਰਵੰਤ ਸਿੰਘ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਤੇ ਸਿੱਖਿਆਵਾਂ ਉੱਪਰ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ | ਉਨ੍ਹਾਂ ਨੇ ਆਪਣੇ ਭਾਸ਼ਣ 'ਚ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਤੇ ਜੀਵਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ | ਸੈਮੀਨਾਰ ਵਿਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਬਹੁਤ ਦਿਲਚਸਪੀ ਨਾਲ ਭਾਗ ਲਿਆ | ਪਿ੍ੰਸੀਪਲ ਡਾ. ਵਰਿੰਦਰ ਭਾਟੀਆ ਨੇ ਸੈਮੀਨਾਰ ਕਰਵਾਉਣ ਦੀ ਪੰਜਾਬੀ ਵਿਭਾਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਨਿੱਜੀ ਹਿੱਤਾਂ ਖ਼ਾਤਰ ਕੁਰਬਾਨੀ ਨਹੀਂ ਦਿੱਤੀ, ਸਗੋਂ ਦੂਜਿਆਂ ਦੀ ਮਦਦ ਵਾਸਤੇ ਕੁਰਬਾਨੀ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਹੀ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ |